ਸ਼ਰਾਬ ਪੀਣ ਤੋਂ ਰੋਕਣ 'ਤੇ ਗਰਭਵਤੀ ਪਤਨੀ ਦਾ ਕੀਤਾ ਕਤਲ

07/28/2019 3:54:54 AM

ਲੁਧਿਆਣਾ (ਮਹੇਸ਼)— ਪਿੰਡ ਭੱਟੀਆਂ ਦੇ ਗੁਰੂ ਵਿਹਾਰ ਇਲਾਕੇ 'ਚ ਸ਼ਰਾਬ ਪੀਣ ਤੋਂ ਰੋਕਣ 'ਤੇ ਤੈਸ਼ 'ਚ ਆਏ ਇਕ ਨੌਜਵਾਨ ਨੇ ਆਪਣੀ 23 ਸਾਲਾ ਅਪਾਹਜ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਿਸ ਨਾਲ ਉਸ ਦੇ ਗਰਭ 'ਚ ਪਲ ਰਹੇ 7 ਮਹੀਨੇ ਦੇ ਬੱਚੇ ਦੀ ਵੀ ਮੌਤ ਹੋ ਗਈ। ਇੰਨਾ ਹੀ ਨਹੀਂ, ਦੋਸ਼ੀ ਨੇ ਕਤਲ ਦੇ ਸਬੂਤਾਂ ਨੂੰ ਵੀ ਨਸ਼ਟ ਕਰਨਾ ਚਾਹਿਆ ਪਰ ਕਾਮਯਾਬ ਨਹੀਂ ਹੋ ਸਕਿਆ।
ਹਾਲ ਦੀ ਘੜੀ ਸਲੇਮ ਟਾਬਰੀ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਮੁਰਾਰੀ ਲਾਲ ਦੀ ਸ਼ਿਕਾਇਤ 'ਤੇ ਕਤਲ ਦਾ ਪਰਚਾ ਦਰਜ ਕਰ ਕੇ ਉਸ ਦੇ ਦਾਮਾਦ ਰੋਹਿਤ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਲਾਸ਼ ਦਾ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤ ਵਜੋਂ ਹੋਈ ਹੈ, ਜਦੋਂਕਿ ਘਟਨਾ ਨੂੰ ਲੈ ਕੇ ਇਲਾਕੇ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਮੁਰਾਰੀ ਲਾਲ ਨੇ ਦੱਸਿਆ ਕਿ ਉਹ ਮਾਤਾ ਰਾਣੀ ਚੌਕ 'ਚ ਜੂਸ ਦੀ ਰੇਹੜੀ ਲਾਉਂਦਾ ਹੈ। ਰੋਹਿਤ ਉਸ ਦੇ ਕੋਲ ਹੀ ਕੰਮ ਕਰਦਾ ਹੈ ਅਤੇ ਉਹ ਉਸ ਦੇ ਬੇਟੇ ਸ਼ਿਵਮ ਦਾ ਦੋਸਤ ਹੈ। ਉਦੋਂ ਉਹ ਖੂਬ ਮਿਹਨਤੀ ਸੀ ਜਿਸ ਨੂੰ ਦੇਖਦੇ ਹੋਏ ਉਸ ਨੇ ਪਿਛਲੇ ਸਾਲ 28 ਅਗਸਤ ਨੂੰ ਰੋਹਿਤ ਦੀ ਰਜ਼ਾਮੰਦੀ ਨਾਲ ਉਸ ਦਾ ਵਿਆਹ ਆਪਣੀ ਬੇਟੀ ਪ੍ਰੀਤ ਦੇ ਨਾਲ ਕਰ ਦਿੱਤਾ। ਉਦੋਂ ਰੋਹਿਤ ਨੇ ਉਨ੍ਹਾਂ ਨੂੰ ਝੂਠ ਬੋਲਿਆ ਕਿ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ। ਉਹ ਇਸ ਦੁਨੀਆ ਵਿਚ ਇਕੱਲਾ ਹੈ।
ਉਸ ਦੀ ਬੇਟੀ ਅਪਾਹਜ ਹੋਣ ਕਾਰਨ ਵਾਕਰ ਦੇ ਸਹਾਰੇ ਚਲਦੀ ਸੀ। ਬਚਪਨ ਤੋਂ ਉਸ ਦੀਆਂ ਦੋਵੇਂ ਲੱਤਾਂ 'ਚ ਨੁਕਸ ਸੀ। ਦੋਵਾਂ ਦੇ ਵਿਆਹ ਦੀ ਵੀਡੀਓ ਵੀ ਉਸ ਨੇ ਸੋਸ਼ਲ ਮੀਡੀਆ 'ਤੇ ਪਾਈ। ਉਸ ਤੋਂ ਬਾਅਦ ਪਤਾ ਲੱਗਾ ਕਿ ਰੋਹਿਤ ਸ਼ਰਾਬ ਪੀਣ ਦਾ ਆਦੀ ਹੈ। ਸ਼ਰਾਬ ਪੀ ਕੇ ਆਮ ਕਰ ਕੇ ਉਹ ਪ੍ਰੀਤ ਨਾਲ ਕੁੱਟ-ਮਾਰ ਕਰਦਾ ਸੀ, ਜਿਸ ਦੀ ਸ਼ਿਕਾਇਤ ਪ੍ਰੀਤ ਨੇ ਉਸ ਕੋਲ ਕੀਤੀ। ਇਸ 'ਤੇ ਉਸ ਨੇ ਰੋਹਿਤ 'ਤੇ ਨਜ਼ਰ ਰੱਖਣ ਲਈ ਉਸ ਨੂੰ ਆਪਣੇ ਘਰ ਦੇ ਸਾਹਮਣੇ ਕਿਰਾਏ 'ਤੇ ਕਮਰਾ ਲੈ ਕੇ ਦਿੱਤਾ। ਬਾਵਜੂਦ ਇਸ ਦੇ ਪ੍ਰੀਤ ਰੋਹਿਤ ਦੀ ਸ਼ਿਕਾਇਤ ਕਰਦੀ ਰਹੀ ਕਿ ਉਹ ਸ਼ਰਾਬ ਪੀ ਕੇ ਰਾਤ ਨੂੰ ਦੇਰ ਨਾਲ ਘਰ ਆਉਂਦਾ ਹੈ ਅਤੇ ਉਸ ਦੇ ਨਾਲ ਕੁੱਟ-ਮਾਰ ਕਰਦਾ ਹੈ। ਜਿਸ ਤੋਂ ਬਾਅਦ ਉਸ ਨੇ ਗੁਰੂ ਵਿਹਾਰ ਇਲਾਕੇ 'ਚ ਇਕ ਮਕਾਨ ਕਿਰਾਏ 'ਤੇ ਲੈ ਕੇ ਇਕੱਠੇ ਰਹਿਣ ਲੱਗ ਪਏ।
ਸ਼ਨੀਵਾਰ ਸਵੇਰ 7 ਵਜੇ ਰੋਹਿਤ ਨੇ ਉਸ ਨੂੰ ਆ ਕੇ ਜਗਾਇਆ ਅਤੇ ਦੁੱਧ ਦੇ ਲਈ ਪੈਸੇ ਮੰਗੇ, ਜਦੋਂਕਿ ਇਸ ਤੋਂ ਪਹਿਲਾਂ ਆਮ ਕਰ ਕੇ ਉਹ ਸਵੇਰ 8 ਵਜੇ ਰੋਹਿਤ ਅਤੇ ਪ੍ਰੀਤ ਨੂੰ ਜਗਾਉਂਦਾ ਸੀ ਅਤੇ ਚਾਹ ਦੇ ਲਈ ਦੁੱਧ ਲਿਆਉਣ ਲਈ ਰੋਹਿਤ ਨੂੰ ਪੈਸੇ ਦਿੰਦਾ ਸੀ। ਜਦੋਂ ਉਸ ਨੇ ਰੋਹਿਤ ਤੋਂ ਪ੍ਰੀਤੀ ਨੂੰ ਜਗਾਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਕੱਲ ਰਾਤ ਨੂੰ ਪ੍ਰੀਤੀ ਦੇ ਸੱਟ ਲੱਗ ਗਈ ਸੀ। ਉਹ ਦਵਾਈ ਖਾ ਕੇ ਸੌਂ ਰਹੀ ਹੈ। ਇਸ ਤੋਂ ਬਾਅਦ ਰੋਹਿਤ ਦੁੱਧ ਲੈ ਕੇ ਆਇਆ ਅਤੇ ਦੋਵਾਂ ਨੇ ਚਾਹ ਪੀਤੀ।
ਕਾਫੀ ਦੇਰ ਬਾਅਦ ਜਦੋਂ ਪ੍ਰੀਤੀ ਨਾ ਉੱਠੀ ਤਾਂ ਉਹ ਉਸ ਨੂੰ ਜਗਾਉਣ ਲਈ ਗਿਆ। ਕਾਫੀ ਯਤਨਾਂ ਦੇ ਬਾਵਜੂਦ ਪ੍ਰੀਤੀ ਦੇ ਸਰੀਰ ਵਿਚ ਕੋਈ ਹਰਕਤ ਨਾ ਹੋਈ। ਪਹਿਲਾਂ ਤਾਂ ਉਹ ਰੋਹਿਤ ਦੀਆਂ ਗੱਲਾਂ 'ਚ ਆ ਗਿਆ। ਬੇਟੀ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹੋ ਗਿਆ ਪਰ ਜਦੋਂ ਉਸ ਦਾ ਬੇਟਾ ਸ਼ਿਵਮ ਆਇਆ, ਜਿਸ ਨੇ ਪ੍ਰੀਤੀ ਦੇ ਗਲਾ ਦਬਾਏ ਜਾਣ ਦੇ ਨਿਸ਼ਾਨ ਦੇਖੇ। ਇੰਨਾ ਹੀ ਨਹੀਂ, ਰਾਤ ਨੂੰ ਜੋ ਕੱਪੜੇ ਪ੍ਰੀਤ ਨੇ ਪਹਿਨ ਰੱਖੇ ਸਨ, ਉਹ ਦੋਸ਼ੀ ਨੇ ਉਤਾਰ ਕੇ ਪਿੱਛੇ ਖਾਲੀ ਪਲਾਟ 'ਚ ਸੁੱਟ ਦਿੱਤੇ ਸਨ ਅਤੇ ਪ੍ਰੀਤ ਨੂੰ ਦੂਜੇ ਕੱਪੜੇ ਪਹਿਨਾ ਦਿੱਤੇ ਸਨ। ਉਨ੍ਹਾਂ ਸੁੱਟੇ ਗਏ ਕੱਪੜਿਆਂ 'ਤੇ ਖੂਨ ਦੇ ਧੱਬੇ ਸਨ ਜੋ ਪੁਲਸ ਨੇ ਕਬਜ਼ੇ ਵਿਚ ਲੈ ਲਏ ਹਨ। ਉਸ ਦਾ ਦੋਸ਼ ਹੈ ਕਿ ਰੋਹਿਤ ਨੇ ਹੀ ਉਸ ਦੀ ਬੇਟੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ ਜੋ ਕਿ ਆਮ ਕਰ ਕੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਇਸ 'ਤੇ ਉਸ ਨੇ ਫੌਰਨ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਪ੍ਰੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰੋਹਿਤ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਨ ਕੀਤੀ ਜਾ ਰਹੀ ਹੈ।

'ਮੈਂ ਨਹੀਂ ਮਾਰਿਆ ਆਪਣੀ ਪਤਨੀ ਨੂੰ'
ਰੋਹਿਤ ਦਾ ਕਹਿਣਾ ਹੈ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਮਾਰਿਆ ਹੈ। ਮੈਂ ਆਪਣੀ ਮਰਜ਼ੀ ਨਾਲ ਪ੍ਰੀਤ ਦੇ ਨਾਲ ਵਿਆਹ ਕੀਤਾ ਸੀ ਜਿਸ ਕਾਰਣ ਮੈਨੂੰ ਆਪਣੇ ਪਰਿਵਾਰ ਵਾਲਿਆਂ ਨਾਲੋਂ ਵੀ ਸਬੰਧ ਤੋੜਣੇ ਪਏ ਸਨ। ਮੇਰੇ 'ਤੇ ਪਤਨੀ ਦੇ ਕਤਲ ਦਾ ਝੂਠਾ ਦੋਸ਼ ਲਾਇਆ ਜਾ ਰਿਹਾ ਹੈ। ਮੈਂ ਪ੍ਰੀਤ ਨਾਲ ਬਹੁਤ ਪਿਆਰ ਕਰਦਾ ਸੀ। ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਕੱਲ ਰਾਤ ਨੂੰ ਮੈਂ ਪ੍ਰੀਤ ਦੇ ਨਾਲ ਸੁੱਤਾ ਸੀ। ਅੱਧੀ ਰਾਤ ਨੂੰ ਮੇਰੇ ਪੈਰ 'ਤੇ ਜ਼ੋਰ ਨਾਲ ਕੋਈ ਚੀਜ਼ ਟਕਰਾਈ। ਮੈਂ ਨੀਂਦ ਵਿਚ ਹੜਬੜਾ ਕੇ ਉੱਠਿਆ। ਮੈਂ ਦੇਖਿਆ ਕਿ ਪ੍ਰੀਤ ਜ਼ਮੀਨ 'ਤੇ ਪਈ ਹੋਈ ਸੀ। ਮੈਂ ਉਸ ਨੂੰ ਚੁੱਕ ਕੇ ਬੈੱਡ 'ਤੇ ਲਿਟਾਇਆ। ਬੈੱਡ ਦਾ ਕੋਨਾ ਲੱਗਣ ਕਰ ਕੇ ਪ੍ਰੀਤ ਦੇ ਗਲੇ 'ਤੇ ਜ਼ਖਮ ਅਤੇ ਝਰੀਟਾਂ ਆ ਗਈਆਂ ਸਨ। ਉਹ ਬਿਨਾਂ ਸਹਾਰੇ ਦੇ ਬਾਥਰੂਮ ਗਈ ਸੀ ਅਤੇ ਵਾਪਸ ਆਉਂਦੇ ਸਮੇਂ ਡਿੱਗ ਗਈ ਸੀ। ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਜਦੋਂ ਮੈਂ ਪਿਤਾ ਨੂੰ ਜਗਾਉਣ ਦੀ ਗੱਲ ਕੀਤੀ ਤਾਂ ਪ੍ਰੀਤ ਨੇ ਮੈਨੂੰ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪ੍ਰੀਤ ਦਰਦ ਘਟਾਉਣ ਦੀ ਗੋਲੀ ਲੈ ਕੇ ਸੌਂ ਗਈ ਅਤੇ ਅਗਲੀ ਸਵੇਰ ਉੱਠੀ ਹੀ ਨਹੀਂ।

ਨੀਲਾ ਪੈ ਚੁੱਕਾ ਸੀ ਪ੍ਰੀਤ ਦਾ ਸਰੀਰ
ਪ੍ਰੀਤ ਦੇ ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਸਵੇਰ ਕਰੀਬ 8 ਵਜੇ ਜਦੋਂ ਇਨ੍ਹਾਂ ਦੇ ਘਰੋਂ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੀਤ ਦੀ ਮੌਤ ਹੋ ਗਈ ਹੈ। ਜਦੋਂ ਉਨ੍ਹਾਂ ਨੇ ਪ੍ਰੀਤ ਦੀ ਲਾਸ਼ ਦੇਖੀ ਤਾਂ ਉਹ ਨੀਲੀ ਅਤੇ ਪੂਰੀ ਤਰ੍ਹਾਂ ਆਕੜ ਚੁੱਕੀ ਸੀ। ਪਿਛਲੇ 2-3 ਦਿਨਾਂ ਤੋਂ ਉਨ੍ਹਾਂ ਨੇ ਪ੍ਰੀਤੀ ਨੂੰ ਨਹੀਂ ਦੇਖਿਆ ਸੀ। ਉਦੋਂ ਪ੍ਰੀਤੀ ਦਾ ਪਿਤਾ ਅਤੇ ਰੋਹਿਤ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਵਿਚ ਸਨ ਉਸੇ ਸਮੇਂ ਪ੍ਰੀਤ ਦੇ ਭਰਾ ਨੇ ਆ ਕੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਕਿ ਰੋਹਿਤ ਨੇ ਪ੍ਰੀਤ ਦਾ ਕਤਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਪ੍ਰੀਤ ਆਪਣੇ ਪਤੀ ਅਤੇ ਪਿਤਾ ਦੇ ਨਾਲ ਕਿਰਾਏ ਦੇ ਘਰ ਵਿਚ ਆਈ ਸੀ। ਇਹ ਲੋਕ ਆਪਣੇ ਆਪ ਵਿਚ ਹੀ ਸੀਮਤ ਰਹਿੰਦੇ ਸਨ। ਕਦੇ ਵੀ ਇਨ੍ਹਾਂ ਨੇ ਆਂਢ-ਗੁਆਂਢ ਨਾਲ ਮੇਲ ਮਿਲਾਪ ਵਧਾਉਣ ਦਾ ਯਤਨ ਨਹੀਂ ਕੀਤਾ। ਰੋਹਿਤ ਵੀ ਸਵੇਰ ਕੰਮ 'ਤੇ ਜਾਂਦਾ ਅਤੇ ਰਾਤ ਨੂੰ ਘਰ ਆਉਂਦਾ ਸੀ। ਸਾਰਾ ਦਿਨ ਮਿਹਨਤ ਕਰਦਾ ਸੀ। ਜਦੋਂ ਰੋਹਿਤ ਅਤੇ ਮੁਰਾਰੀ ਘਰ ਨਹੀਂ ਹੁੰਦੇ ਸਨ ਤਾਂ ਪ੍ਰੀਤੀ ਉਨ੍ਹਾਂ ਨਾਲ ਥੋੜ੍ਹੀ ਬਹੁਤ ਗੱਲ ਕਰ ਲਿਆ ਕਰਦੀ ਸੀ ਪਰ ਉਸ ਨੇ ਕਦੇ ਵੀ ਰੋਹਿਤ ਦੀ ਸ਼ਿਕਾਇਤ ਨਹੀਂ ਕੀਤੀ। ਰੋਹਿਤ ਨੇ ਵੀ ਕਦੇ ਮੁਹੱਲੇ ਵਿਚ ਕਿਸੇ ਨਾਲ ਉੱਚੀ ਆਵਾਜ਼ ਵਿਚ ਗੱਲ ਤੱਕ ਨਹੀਂ ਕੀਤੀ ਸੀ, ਨਾ ਹੀ ਕਦੇ ਉਨ੍ਹਾਂ ਨੇ ਉਨ੍ਹਾਂ ਦੇ ਘਰ ਕੁੱਟ-ਮਾਰ ਦੀਆਂ ਆਵਾਜ਼ਾਂ ਸੁਣੀਆਂ।

ਮਾਮਲੇ ਦੀ ਨਿਰਪੱਖ ਜਾਂਚ ਹੋਵੇ
ਕਤਲ ਦੇ ਦੋਸ਼ੀ ਰੋਹਿਤ ਦੇ ਪਿਤਾ ਅਸ਼ੋਕ ਨਗਰ ਨਿਵਾਸੀ ਰਾਕੇਸ਼ ਦਾ ਕਹਿਣਾ ਹੈ ਕਿ ਚਾਹੇ ਉਸ ਦੇ ਬੇਟੇ ਨੇ ਸਾਡੇ ਨਾਲ ਸਾਰੇ ਰਿਸ਼ਤੇ ਤੋੜ ਲਏ ਸਨ ਪਰ ਬਾਵਜੂਦ ਇਸ ਦੇ ਉਹ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਕੇਸ ਦੀ ਨਿਰਪੱਖ ਜਾਂਚ ਕੀਤੀ ਜਾਵੇ। ਉਸ ਦਾ ਦੋਸ਼ ਹੈ ਕਿ ਪ੍ਰੀਤ ਦਾ ਪਿਤਾ ਆ ਕੇ ਕੁੱਟ-ਮਾਰ ਕਰਦਾ ਸੀ। ਘਰ ਵਿਚ 3 ਵਿਅਕਤੀ ਹੀ ਸਨ। ਇਹ ਕਿਵੇਂ ਹੋ ਸਕਦਾ ਹੈ ਕਿ ਇਕ ਵਿਅਕਤੀ ਕਿਸੇ ਦਾ ਕਤਲ ਕਰੇ ਅਤੇ ਦੂਜੇ ਨੂੰ ਪਤਾ ਨਾ ਲੱਗੇ। ਇਸ ਤੋਂ ਇਲਾਵਾ ਲੜਕੀ ਦਾ ਪਿਤਾ ਕਿਉਂ ਹਫੜਾ-ਦਫੜੀ ਵਿਚ ਬੇਟੀ ਦਾ ਸਸਕਾਰ ਕਰਨਾ ਚਾਹੁੰਦਾ ਸੀ। ਇਸ ਦੀ ਛਾਣਬੀਨ ਹੋਣੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ।

KamalJeet Singh

This news is Content Editor KamalJeet Singh