ਇਕ ਸਾਲ 'ਚ ਕਾਂਗਰਸ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ: ਬਾਦਲ

03/17/2018 1:49:51 PM

ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)— ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫੀ ਮੰਗਣ ਦੇ ਬਾਅਦ 'ਆਪ' 'ਚ ਪੈਦਾ ਹੋਏ ਹਾਲਾਤਾਂ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ 'ਚ ਇਸ ਸਮੇਂ ਜੋ ਕੁਝ ਵੀ ਚੱਲ ਰਿਹਾ ਹੈ, ਉਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਕਾਂਗਰਸ ਦੇ ਇਕ ਸਾਲ ਪੂਰਾ ਹੋਣ 'ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ 'ਚ ਇਕ ਸਾਲ 'ਚ ਕੁਝ ਨਹੀਂ ਕੀਤਾ। ਕਰਜ਼ੇ 'ਚ ਡੁੱਬੇ ਕਿਸਾਨਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਕਿਸਾਨ ਵੱਲੋਂ ਲਗਾਤਾਰ ਅਜੇ ਵੀ ਖੁਦਕੁਸ਼ੀਆਂ ਹੋ ਰਹੀਆਂ ਹਨ। ਖੇਤੀਬਾੜੀ ਲਈ ਸਰਕਾਰ ਕੁਝ ਨਹੀਂ ਕਰ ਰਹੀ। ਕਿਸਾਨ ਖੁਦਕੁਸ਼ੀ ਰੋਕਣ ਲਈ ਸਰਕਾਰ ਨੂੰ ਖੇਤੀ ਨੂੰ ਮੁਨਾਫਾ ਵਾਲਾ ਧੰਦਾ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ।
ਮਜੀਠੀਆ ਮਾਮਲੇ 'ਚ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਇਕ ਸਮੇਂ 'ਤੇ ਕੈਪਟਨ ਨੇ ਮੇਰੇ 'ਤੇ ਵੀ ਦੋਸ਼ ਲਗਾਏ ਸਨ। ਕੇਸ ਦਰਜ ਹੋਇਆ ਸੀ ਪਰ ਅਦਾਲਤ 'ਚ ਕੁਝ ਵੀ ਸਾਬਤ ਨਾ ਹੋਇਆ। ਮੈਂ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਦਾਲਤ 'ਚ ਜਾ ਕੇ ਪੇਸ਼ੀ ਭੁਗਤ ਕੇ ਆਉਂਦਾ ਸੀ। ਕੀ ਇਕ ਮੁੱਖ ਮੰਤਰੀ ਅਦਾਲਤ 'ਚ ਬੈਠਾ ਚੰਗਾ ਲੱਗਦਾ ਹੈ? ਉਨ੍ਹਾਂ ਨੇ ਕਿਹਾ ਕਿ ਬਦਲੇ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਸਭ ਗਲਤ ਰਿਵਾਇਤਾਂ ਹਨ।