PRTC ਦੀਆਂ ਬੱਸਾਂ ''ਚ VTS/PIS ਸਿਸਟਮ ਲਾਉਣ ਨੂੰ ਮਨਜ਼ੂਰੀ

01/22/2020 9:46:30 PM

ਪਟਿਆਲਾ,(ਰਾਜੇਸ਼, ਜੋਸਨ)- ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਆਪਣੀਆਂ ਬੱਸਾਂ ਵਿਚ ਵ੍ਹੀਕਲ ਟਰੈਕਿੰਗ ਸਿਸਟਮ/ਪਬਲਿਕ ਇਨਫਰਮੇਸ਼ਨ ਸਿਸਟਮ (ਵੀ. ਟੀ. ਐੱਸ./ਪੀ. ਆਈ. ਐੱਸ.) ਲਾਉਣ ਦੇ ਨਾਲ-ਨਾਲ ਆਪਣੇ ਸਮੁੱਚੇ ਡਿਪੂਆਂ 'ਚ ਇੰਟਗ੍ਰੇਟਿਡ ਡਿਪੂ ਮੈਨੇਜਮੈਂਟ ਸਿਸਟਮ (ਆਈ. ਡੀ. ਐੱਮ. ਐੱਸ.) ਲਾਗੂ ਕਰੇਗੀ।ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਦੀ ਅਗਵਾਈ ਹੇਠ ਹੋਈ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ 'ਚ ਇਸ ਸਬੰਧੀ ਫੈਸਲਾ ਲਿਆ ਗਿਆ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਮਿਲਟਰੀ ਸਰਵਿਸ ਉਪਰੰਤ ਜਿਹੜੇ ਸਾਬਕਾ ਫੌਜੀ ਪੀ. ਆਰ. ਟੀ. ਸੀ. ਵਿਚ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਹੋਏ ਹਨ, ਉਨ੍ਹਾਂ ਨੂੰ ਦੋਹਰੀ ਪੈਨਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੀ. ਆਰ. ਟੀ. ਸੀ. ਵਲੋਂ ਸੁਲਤਾਨਪੁਰ ਲੋਧੀ ਅਤੇ ਸਰਹਿੰਦ ਵਿਖੇ ਨਵੇਂ ਬਣਾਏ ਗਏ ਬੱਸ ਸਟੈਂਡਾਂ ਨੂੰ ਨਿਰਧਾਰਤ ਸਮੇਂ ਵਿਚ ਮੁਕੰਮਲ ਕਰਨ ਲਈ ਪੀ. ਆਰ. ਟੀ. ਸੀ. ਦੇ ਅਫਸਰਾਂ ਦੀ ਸ਼ਲਾਘਾ ਕੀਤੀ ਗਈ।

ਇਸ ਦੇ ਨਾਲ ਹੀ ਪੀ. ਆਰ. ਟੀ. ਸੀ. ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਚਲਾਈ ਗਈ ਬੱਸ ਸੇਵਾ ਦੀ ਸਮੁੱਚੇ ਡਾਇਰੈਕਟਰਾਂ ਨੇ ਸ਼ਲਾਘਾ ਕੀਤੀ। ਮੀਟਿੰਗ 'ਚ ਐੱਮ. ਡੀ. ਗੁਰਲਵਲੀਨ ਸਿੰਘ ਸਿੱਧੂ, ਨਵੇਂ ਬਣੇ ਡਾਇਰੈਕਟਰ ਕਪਿਲ ਦੇਵ ਗਰਗ, ਪੁਰਸ਼ੋਤਮ ਲਾਲ ਖਲੀਫਾ, ਕਮਲ ਦੇਵ ਜੋਸ਼ੀ, ਪੁਸ਼ਪਿੰਦਰ ਅੱਤਰੀ, ਬਲਵਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਸੂਦ ਤੋਂ ਇਲਾਵਾ ਹੋਰ ਕਈ ਆਫੀਸ਼ੀਅਲ ਡਾਇਰੈਕਟਰ ਹਾਜ਼ਰ ਸਨ।