ਪਾਵਰਕਾਮ ਕਿਸਾਨਾਂ ਨੂੰ 10 ਘੰਟੇ ਬਿਜਲੀ ਯਕੀਨੀ ਬਣਾਵੇ : ਰਾਜੇਵਾਲ

12/02/2017 5:06:03 AM

ਚੰਡੀਗੜ੍ਹ  (ਬਿਊਰੋ) - ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਿਸਾਨ ਅਮਰ ਸਿੰਘ ਛੀਨੀਵਾਲ ਦੀ ਇਕ ਆੜ੍ਹਤੀਏ ਨਾਲ ਹੋਏ ਵਿਵਾਦ ਕਾਰਨ ਹੋਈ ਮੌਤ ਦਾ ਮਾਮਲਾ ਵਿਸ਼ੇਸ਼ ਤੌਰ 'ਤੇ ਵਿਚਾਰਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਬਰਨਾਲਾ ਪ੍ਰਸ਼ਾਸਨ ਖਾਸ ਕਰ ਕੇ ਪੁਲਸ ਦੇ ਇੱਕਤਰਫਾ ਵਤੀਰੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਅਤੇ ਪੁਲਸ ਨੂੰ ਤਾੜਨਾ ਕੀਤੀ ਗਈ ਕਿ ਅੱਗੋਂ ਤੋਂ ਜੇ ਪੁਲਸ ਨੇ ਦੋਸ਼ੀ ਆੜ੍ਹਤੀਏ ਨੂੰ ਬਚਾਉਣ ਲਈ ਗਲਤ ਹਥਕੰਡੇ ਅਪਣਾਏ ਤਾਂ ਯੂਨੀਅਨ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ। ਫੈਸਲਾ ਕੀਤਾ ਗਿਆ ਕਿ ਕੱਲ ਨੂੰ ਸਾਰੇ ਜ਼ਿਲਿਆਂ ਦੇ ਯੂਨੀਅਨ ਦੇ ਅਹੁਦੇਦਾਰ ਅਮਰ ਸਿੰਘ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਸ ਗੱਲ 'ਤੇ ਵੀ ਰੋਸ ਪ੍ਰਗਟ ਕੀਤਾ ਗਿਆ ਕਿ ਕਣਕ ਅਤੇ ਹੋਰ ਫਸਲਾਂ ਦੀ ਸਿੰਚਾਈ ਲਈ ਪਾਵਰਕਾਮ ਵੱਲੋਂ ਟਿਊਬਵੈੱਲਾਂ ਨੂੰ ਬਹੁਤ ਹੀ ਘੱਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਜਾਂ ਤਾਂ ਪਾਵਰਕਾਮ ਕਿਸਾਨਾਂ ਨੂੰ ਘੱਟੋ-ਘੱਟ 10 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਯਕੀਨੀ ਬਣਾਵੇ, ਨਹੀਂ ਤਾਂ ਯੂਨੀਅਨ ਵੱਲੋਂ ਪਾਵਰਕਾਮ ਦੇ ਪਟਿਆਲਾ ਦਫਤਰ ਸਾਹਮਣੇ ਅੰਦੋਲਨ ਆਰੰਭਿਆ ਜਾਵੇਗਾ। ਮੀਟਿੰਗ 'ਚ ਓਂਕਾਰ ਸਿੰਘ ਅਗੌਲ ਜਨਰਲ ਸਕੱਤਰ, ਗੁਲਜਾਰ ਸਿੰਘ ਖਜ਼ਾਨਚੀ, ਲਖਵਿੰਦਰ ਸਿੰਘ ਪ੍ਰਧਾਨ ਯੂਥ ਵਿੰਗ, ਨਿਰੰਜਣ ਸਿੰਘ ਦੋਹਲਾ, ਘੁੰਮਣ ਸਿੰਘ ਰਾਜਗੜ੍ਹ, ਮਲਕੀਤ ਸਿੰਘ ਲਖਮੀਰਵਾਲਾ ਅਤੇ ਪ੍ਰਗਟ ਸਿੰਘ ਮੱਖੂ ਚਾਰੋਂ ਸਕੱਤਰ ਪੰਜਾਬ ਆਦਿ ਸ਼ਾਮਲ ਹੋਏ।