ਪਾਵਰਕਾਮ ਨੇ ਕਿਸਾਨਾਂ ਲਈ ਵਟਸਐਪ ਨੰਬਰ ਕੀਤੇ ਜਾਰੀ

04/12/2020 12:16:40 AM

ਬਠਿੰਡਾ, (ਵਰਮਾ)— ਪਾਵਰਕਾਮ ਨੇ ਕਿਸਾਨਾਂ ਲਈ ਵਟਸਐਪ ਨੰਬਰ ਜਾਰੀ ਕੀਤਾ ਹੈ ਤਾਂ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ, ਜੀਓ ਸਵਿੱਚ ਸਪਾਰਕਿੰਗ ਆਦਿ ਦੀ ਸੂਚਨਾ ਕਿਸਾਨ ਇਸ ਨੰਬਰ 'ਤੇ ਦੇ ਸਕਣ। ਨਿਗਮ ਦੇ ਬੁਲਾਰੇ ਨੇ ਇਸ ਸਬੰਧੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਆਪਣੇ ਖੇਤ 'ਚ ਜੇਕਰ ਕੋਈ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਹੋਵੇ ਤਾਂ ਇਸ ਦੀ ਸੂਚਨਾ ਲਈ 2 ਨੰਬਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਹਰ ਸਾਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਟ੍ਰਾਂਸਫਾਰਮਰਾਂ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਵੱਡੀ ਮਾਤਰਾ 'ਚ ਕਣਕ ਦੀ ਫਸਲ ਅੱਗ ਦੀ ਲਪੇਟ 'ਚ ਆ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।

ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਸਬੰਧੀ ਸੂਚਨਾ ਦੇਵੇ ਕਿਸਾਨ
ਪਾਵਰਕਾਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਸਬੰਧੀ ਕਿਸੇ ਵੀ ਮੁਸ਼ਕਲ ਲਈ ਸਬੰਧਤ ਨੰਬਰਾਂ 'ਤੇ ਫੋਨ ਕਰ ਸਕਦੇ ਹਨ। ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟ੍ਰਾਂਸਫਾਰਮਰ 'ਚ ਸਪਾਰਕਿੰਗ ਹੋਣ, ਜੀਓ ਸਵਿੱਚ ਵਿਚ ਗੜਬੜੀ ਹੋਣ ਆਦਿ ਦੀ ਸੂਰਤ 'ਚ ਕਿਸਾਨ ਤੁਰੰਤ ਉਕਤ ਸਥਾਨ ਦੀ ਫੋਟੋ ਲੈ ਕੇ ਸਬੰਧਤ ਨੰਬਰਾਂ 'ਤੇ ਭੇਜ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਚਨਾ ਦੇ ਨਾਲ ਆਪਣਾ ਨਾਂ, ਪਤਾ ਅਤੇ ਸਬੰਧਤ ਜਗ੍ਹਾ ਦੀ ਜਾਣਕਾਰੀ ਵੀ ਦਰਜ ਕਰਵਾਉਣ ਤਾਂ ਕਿ ਵਿਭਾਗ ਦਾ ਅਮਲਾ ਮੌਕੇ 'ਤੇ ਪਹੁੰਚ ਕੇ ਸਮੱਸਿਆ ਨੂੰ ਦਰੁੱਸਤ ਕਰ ਸਕੇ। ਇਸ ਦੇ ਨਾਲ ਹੀ ਕਿਸਾਨ ਉਕਤ ਜਗ੍ਹਾ ਦੀ ਜੀ. ਪੀ. ਐੱਸ. ਲੋਕੇਸ਼ਨ ਵੀ ਵਟਸਐਪ 'ਤੇ ਸਾਂਝੀ ਕਰ ਸਕਦੇ ਹਨ।

ਟ੍ਰਾਂਸਫਾਰਮਰ ਦੇ ਚਾਰੇ ਪਾਸਿਓਂ ਕਣਕ ਨੂੰ ਕੱਟ ਕੇ ਖੇਤ ਖਾਲੀ ਕਰੋ
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟ੍ਰਾਂਸਫਾਰਮਰ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਕਣਕ ਦੀ ਪੱਕੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਆਪ ਵੀ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਖੇਤਾਂ 'ਚ ਲਗੇ ਟ੍ਰਾਂਸਫਾਰਮਰਾਂ ਦੇ ਆਸਪਾਸ ਦੇ ਘੇਰੇ 'ਚ 10 ਮਰਲੇ ਰਕਬੇ 'ਚ ਖੜ੍ਹੀ ਪੱਕੀ ਫਸਲ ਨੂੰ ਤੁਰੰਤ ਕੱਟ ਲੈਣ ਅਤੇ ਉਕਤ ਜਗ੍ਹਾ ਨੂੰ ਖਾਲੀ ਕਰ ਦੇਣ। ਇਸ ਤੋਂ ਬਾਅਦ ਉਕਤ ਜਗ੍ਹਾ 'ਤੇ ਪਾਣੀ ਛੱਡ ਕੇ ਉਸ ਨੂੰ ਗਿੱਲਾ ਕਰ ਦਿਓ ਤਾਂ ਕਿ ਚੰਗਿਆੜੀਆਂ ਨਿਕਲਣ ਦੀ ਸੂਰਤ 'ਚ ਅੱਗ ਅੱਗੇ ਨਾ ਫੈਲ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨ ਪੱਕੀ ਫਸਲ ਦੇ ਨਜ਼ਦੀਕ ਚਾਹ ਆਦਿ ਬਣਾਉਣ ਲਈ ਅੱਗ ਨਾ ਬਾਲਣ ਅਤੇ ਨਾ ਹੀ ਲੇਬਰ ਨੂੰ ਫਸਲ ਨਜ਼ਦੀਕ ਬੀੜੀ-ਸਿਗਰਟ ਆਦਿ ਜਲਾਉਣ ਦੇਣ। ਕੰਮ ਖਤਮ ਹੋਣ ਤੋਂ ਬਾਅਦ ਅੱਗ ਨੂੰ ਤੁਰੰਤ ਪਾਣੀ ਪਾ ਕੇ ਬੁਝਾ ਦਿਓ।

ਕਿਸਾਨਾਂ ਲਈ ਕੰਟਰੋਲ ਰੂਮ ਦੇ ਨੰਬਰ
96461-06835
96461-06836

KamalJeet Singh

This news is Content Editor KamalJeet Singh