ਪਾਵਰਕਾਮ ਨੇ ਬਿਜਲੀ ਚੋਰੀ ਦੇ ਫੜੇ 55 ਕੇਸ, ਵਿਭਾਗ ਨੇ ਲਾਇਆ ਲੱਖਾਂ ਰੁਪਏ ਜੁਰਮਾਨਾ

06/11/2023 6:28:43 PM

ਅੰਮ੍ਰਿਤਸਰ (ਜਸ਼ਨ)- ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਬਾਵਜੂਦ ਕੁਝ ਲੋਕ ਅਜੇ ਵੀ ਆਪਣੀ ਜ਼ਿੱਦ ਨਹੀਂ ਛੱਡ ਰਹੇ ਅਤੇ ਬਿਜਲੀ ਚੋਰੀ ਕਰ ਰਹੇ ਹਨ। ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਚੋਰੀ ਦੇ 55 ਮਾਮਲੇ ਫੜੇ ਹਨ, ਜਿਨ੍ਹਾਂ ’ਤੇ ਵਿਭਾਗ ਵੱਲੋਂ ਭਾਰੀ ਜੁਰਮਾਨਾ ਲਗਾਇਆ ਗਿਆ।

ਇਹ ਵੀ ਪੜ੍ਹੋ- ਪਠਾਨਕੋਟ 'ਚ ਹੋਏ ਪਤੀ-ਪਤਨੀ ਦੇ ਕਤਲ ਮਾਮਲੇ 'ਚ CCTV ਜ਼ਰੀਏ ਹੋਇਆ ਵੱਡਾ ਖ਼ੁਲਾਸਾ, ਨੌਕਰ ਨਿਕਲਿਆ ਕਾਤਲ

ਇਸ ਸਬੰਧੀ ਪਾਵਰਕਾਮ ਸਬ-ਅਰਬਨ ਸਰਕਲ ਦੇ ਐੱਸ. ਈ. ਇੰਜੀਨੀਅਰ ਐੱਸ. ਪੀ. ਸੋਂਧੀ ਨੇ ਦੱਸਿਆ ਕਿ ਟੀਮ ਨੇ ਪੂਰਬੀ ਅਧੀਨ ਪੈਂਦੇ ਅਜਨਾਲਾ ਰੋਡ, ਰਣਜੀਤ ਐਵੇਨਿਊ, ਗੁੰਮਟਾਲਾ, ਵੇਰਕਾ, ਗੋਪਾਲ ਨਗਰ, ਪਿੰਡ ਮਾਹਲ ਅਤੇ ਪਿੰਡ ਕਾਲੇ ਆਦਿ ਇਲਾਕਿਆਂ ’ਚ ਯੂ. ਜੀ. ਸੀ ਅਤੇ ਬਿਜਲੀ ਚੋਰੀ ਦੀ ਜਾਂਚ ਕੀਤੀ ਹੈ। ਡਵੀਜ਼ਨ ਅਤੇ ਦੱਖਣੀ ਸਬ-ਡਵੀਜ਼ਨ ਵੱਲੋਂ 55 ਕੇਸਾਂ ’ਚ ਚੋਰੀ ਕਰਦੇ ਫੜੇ ਗਏ ਵਿਅਕਤੀਆਂ ਨੂੰ ਕੁੱਲ 22 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਦਾ ਨਵਾਂ ਮਾਸਟਰ ਪਲਾਨ, ਹੁਣ ਐਂਬੂਲੈਂਸ ਸਵਾਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ

ਉਨ੍ਹਾਂ ਦੱਸਿਆ ਕਿ ਉਕਤ ਕਾਰਵਾਈ ਦੌਰਾਨ ਯੂ. ਜੀ. ਸੀ. ਵੱਲੋਂ 34 ਮਾਮਲੇ ਅਤੇ ਬਿਜਲੀ ਦੀਆਂ ਤਾਰਾਂ ’ਤੇ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ 21 ਮਾਮਲੇ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਨਫੋਰਸਮੈਂਟ ਵਿਭਾਗ ਦੀ ਟੀਮ ਵੱਲੋਂ ਅਜਨਾਲਾ ਰੋਡ ’ਤੇ ਸਥਿਤ ਪਾਮ ਗਾਰਡਨ ਕਾਲੋਨੀ ਵਿਚ ਇਕ ਟੁੱਲੂ ਪੰਪ ਅਤੇ ਸਟਰੀਟ ਲਾਈਟ ਨੂੰ ਬਿਜਲੀ ਦੀਆਂ ਤਾਰਾਂ ’ਤੇ ਸਿੱਧਾ ਕਰ ਕੇ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ।

ਇਹ ਵੀ ਪੜ੍ਹੋ-  2 ਸਾਲਾ ਬੱਚੇ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan