ਮੁਰੰਮਤ ਦੇ ਨਾਂ ''ਤੇ ਲੱਗ ਰਹੇ ਬਿਜਲੀ ਕੱਟਾਂ ਕਾਰਨ ਵਪਾਰ ਠੱਪ

11/17/2017 11:58:39 AM

ਨਵਾਂਸ਼ਹਿਰ (ਤ੍ਰਿਪਾਠੀ)- ਸਰਦੀਆਂ 'ਚ ਪੁਰਾਣੀਆਂ ਤਾਰਾਂ ਨੂੰ ਬਦਲਣ ਤੇ ਮੁਰੰਮਤ ਦੇ ਨਾਂ 'ਤੇ ਲਾਏ ਜਾ ਰਹੇ 10-12 ਘੰਟਿਆਂ ਦੇ ਲੰਬੇ-ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ 'ਚ ਗੁੱਸਾ ਹੈ।
ਇਸ ਸੰਬੰਧ 'ਚ ਬਾਬਾ ਮੰਗਲ ਸੇਨ ਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਲਾਏ ਜਾ ਰਹੇ ਲੰਬੇ-ਲੰਬੇ ਬਿਜਲੀ ਕੱਟ ਨਾ ਸਿਰਫ ਲੋਕਾਂ ਦੇ ਵਪਾਰ ਤੇ ਘਰੇਲੂ ਲੋਕਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਰਹੇ ਹਨ, ਸਗੋਂ ਬਿਜਲੀ ਬੰਦ ਹੋਣ ਕਾਰਨ ਚੱਲਣ ਵਾਲੇ ਸੈਂਕੜੇ ਜਨਰੇਟਰਾਂ ਕਾਰਨ ਹਵਾ ਵੀ ਦੂਸ਼ਿਤ ਹੋ ਰਹੀ ਹੈ। ਬੀਤੇ ਮੰਗਲਵਾਰ ਵਿਭਾਗ ਵੱਲੋਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਦਾ ਬਿਜਲੀ ਕੱਟ ਲਾਇਆ ਗਿਆ ਸੀ ਪਰ ਬਿਜਲੀ ਦੀ ਬਹਾਲੀ ਰਾਤ 10 ਵਜੇ ਹੋਈ ਸੀ। ਜਿਨ੍ਹਾਂ ਮੁਹੱਲਿਆਂ ਤੇ ਬਾਜ਼ਾਰਾਂ ਵਿਚ ਬਿਜਲੀ ਜਾਣ ਤੋਂ ਬਾਅਦ ਜਨਰੇਟਰ ਚੱਲਦੇ ਹਨ, ਉਥੇ ਸਾਹ ਲੈਣ 'ਚ ਮੁਸ਼ਕਿਲ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪਾਵਰਕਾਮ ਵੀ ਹਵਾ ਨੂੰ ਦੂਸ਼ਿਤ ਕਰਨ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਵਰਣਨਯੋਗ ਹੈ ਕਿ ਅੱਜ ਵੀ ਬਿਜਲੀ ਵਿਭਾਗ ਵੱਲੋਂ ਸ਼ਹਿਰ ਦੇ ਇਕ ਵੱਡੇ ਹਿੱਸੇ 'ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਕਰਨ ਦੀ ਸੂਚਨਾ ਜਨਤਕ ਕੀਤੇ ਜਾਣ ਦੇ ਬਾਵਜੂਦ ਪੌਣੇ 7 ਵਜੇ ਤੱਕ ਬਿਜਲੀ ਨਹੀਂ ਆਈ।
ਕੀ ਕਹਿੰਦੇ ਹਨ ਚੀਫ਼ ਪਾਵਰਕਾਮ ਇੰਜੀਨੀਅਰ
ਚੀਫ਼ ਪਾਵਰਕਾਮ ਇੰਜੀਨੀਅਰ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਦੀ ਸਕੀਮ ਤਹਿਤ ਨਵੇਂ ਟ੍ਰਾਂਸਫਾਰਮਰ, ਕੰਡੈਂਸਰ ਤੇ ਵਧੀਆ ਕੁਆਲਿਟੀ ਦੀਆਂ ਤਾਰਾਂ ਨੂੰ ਲਾਇਆ ਜਾ ਰਿਹਾ ਹੈ। ਇਹ ਸਾਰਾ ਕੰਮ ਦਸੰਬਰ ਮਹੀਨੇ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਬਦਲੇ ਜਾ ਰਹੇ ਟ੍ਰਾਂਸਫਾਰਮਰਾਂ ਤੇ ਕੰਡੈਂਸਰਾਂ ਨਾਲ ਜਿਥੇ ਭਵਿੱਖ ਵਿਚ ਲਗਾਤਾਰ ਬਿਜਲੀ ਸਪਲਾਈ ਮਿਲੇਗੀ, ਉਥੇ ਹੀ ਵੋਲਟੇਜ ਦੀ ਸਮੱਸਿਆ ਹੱਲ ਹੋਵੇਗੀ, ਜਦਕਿ ਬਰੇਕ ਡਾਊਨ ਹੋਣਾ ਵੀ ਬੰਦ ਹੋ ਜਾਵੇਗਾ।