ਪਾਵਰਕਾਮ ਦੇ ਮੁਲਾਜ਼ਮਾਂ ਭ੍ਰਿਸ਼ਟਾਚਾਰ ਕੀਤਾ ਤਾਂ ਏ. ਸੀ. ਆਰ. ਹੋਵੇਗੀ ਖਰਾਬ

12/18/2018 10:38:59 AM

ਚੰਡੀਗੜ੍ਹ/ਪਟਿਆਲਾ (ਪਰਮੀਤ)—ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਿਚ ਸੱਤਾ ਤਬਦੀਲੀ ਤੋਂ ਬਾਅਦ ਨਵੇਂ ਸੀ. ਐੈੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਵੱਲੋਂ ਹੁਣ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਦੇ ਪਹਿਲੇ ਕਦਮ ਵਜੋਂ ਸੀ. ਐੈੱਮ. ਡੀ. ਨੇ ਸਾਰੇ ਵਿਭਾਗ ਮੁਖੀਆਂ, ਸਾਰੇ ਡਿਪਟੀ ਚੀਫ ਇੰਜੀਨੀਅਰਜ਼, ਐੈੱਸ. ਈ. ਤੇ ਨਿਗਰਾਨ ਇੰਜੀਨੀਅਰਜ਼ ਪੱਧਰ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਈਮਾਨਦਾਰੀ ਤੇ ਕੁਸ਼ਲਤਾ ਦਾ ਪਾਠ ਪੜ੍ਹਾਇਆ ਹੈ। ਇਸ ਪੱਤਰ ਵਿਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ  ਭ੍ਰਿਸ਼ਟਾਚਾਰ ਵਿਚ ਲਿਪਤ ਪਾਏ  ਜਾਣ 'ਤੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ (ਏ. ਸੀ. ਆਰ.) ਵੀ ਖਰਾਬ ਹੋ ਸਕਦੀ ਹੈ।

 ਇਸ ਪੱਤਰ ਵਿਚ ਸੀ. ਐੈੱਮ. ਡੀ. ਨੇ ਜਿੱਥੇ ਅਧਿਕਾਰੀਆਂ  ਨੂੰ ਈਮਾਨਦਾਰੀ ਸਿਰਫ ਆਪਣੇ ਤੱਕ ਹੀ ਸੀਮਤ ਨਾ ਰੱਖਣ, ਬਲਕਿ ਆਪਣੇ ਹੇਠਾਂ ਕੰਮ ਕਰ ਰਹੀ ਟੀਮ ਦੀ ਨਿਗਰਾਨੀ ਰੱਖਣ ਵਾਸਤੇ ਵੀ ਆਖਿਆ ਹੈ। ਉਥੇ ਹੀ  ਜੂਨੀਅਰ ਪੱਧਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਆਖਿਆ ਹੈ ਕਿ ਜੇਕਰ ਤੁਹਾਡੇ ਸੀਨੀਅਰ ਤੁਹਾਡੇ 'ਤੇ ਆਪਣੀ ਈਮਾਨਦਾਰੀ ਨਾਲ ਸਮਝੌਤਾ ਕਰਨ ਵਾਸਤੇ ਕੋਈ ਦਬਾਅ ਬਣਾਉਂਦੇ ਹਨ ਤਾਂ ਉਹ ਸਿੱਧਾ ਆਪਣੇ ਸੀਨੀਅਰਜ਼ ਨੂੰ ਸ਼ਿਕਾਇਤ ਕਰਨ। ਇਸ ਵਾਸਤੇ ਡਾਇਰੈਕਟਰ ਪੱਧਰ ਤੋਂ ਇਲਾਵਾ ਖੁਦ ਸੀ. ਐੈੱਮ. ਡੀ. ਦੇ ਪੱਧਰ 'ਤੇ  ਪੱਤਰ ਲਿਖ ਕੇ, ਟੈਲੀਫੋਨ ਕਰ ਕੇ ਜਾਂ ਵਿਅਕਤੀਗਤ ਸਮਾਂ ਲੈ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। 

ਇਸ ਪੱਤਰ ਵਿਚ ਸੀ. ਐੈੱਮ. ਡੀ. ਨੇ ਅਫਸਰਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਉਹ 'ਪੈਸੇ ਵਾਲੀ ਸੀਟ' ਹਾਸਲ ਕਰਨ ਵਾਸਤੇ ਮੈਨੇਜਮੈਂਟ ਤੱਕ ਪਹੁੰਚ ਨਾ ਕਰਨ। ਉਨ੍ਹਾਂ ਕਿਹਾ  ਕਿ ਖਰੀਦ, ਮਟੀਰੀਅਲ ਇੰਸਪੈਕਸ਼ਨ ਤੇ ਉਦਯੋਗਿਕ ਖੇਤਰਾਂ ਵਿਚ ਫੀਲਡ ਪੋਸਟਿੰਗ ਲਈ ਉਨ੍ਹਾਂ ਕੋਲ ਕੁੱਝ ਅਧਿਕਾਰੀ ਪਹੁੰਚ ਕਰ ਰਹੇ ਹਨ। ਇਹ ਗਤੀਵਿਧੀਆਂ ਭ੍ਰਿਸ਼ਟਾਚਾਰ  ਵੱਲ ਸਪੱਸ਼ਟ ਇਸ਼ਾਰਾ ਹਨ।  ਉਨ੍ਹਾਂ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਮਿਲ ਰਹੀਆਂ ਹਨ ਕਿ ਖਪਤਕਾਰਾਂ, ਸਪਲਾਇਰਾਂ ਤੇ ਠੇਕੇਦਾਰਾਂ ਤੋਂ  ਪੈਸੇ ਕਢਵਾਉਣ ਵਾਸਤੇ ਜਾਂ ਗੈਰ-ਕਾਨੂੰਨੀ ਲਾਹਾ ਲੈਣ ਵਾਸਤੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਾਵਰਕਾਮ ਨੇ ਆਪਣੇ ਪੱਧਰ 'ਤੇ ਯੰਤਰ-ਵਿਧੀ ਸਥਾਪਤ ਕੀਤੀ ਹੈ ਤਾਂ ਜੋ ਕਿ ਏ. ਸੀ. ਆਰ. ਬਣਾਉਣ ਸਮੇਂ ਵਿਅਕਤੀ ਦੀ ਈਮਾਨਦਾਰੀ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ। ਸੀ. ਐੈੱਮ. ਡੀ. ਨੇ ਲਿਖਿਆ ਹੈ ਕਿ ਇਹ ਪੱਤਰ  ਨਿਗਰਾਨ ਇੰਜੀਨੀਅਰ ਤੇ ਉਸ ਤੋਂ ਉੱਪਰ ਦੇ ਅਧਿਕਾਰੀਆਂ ਨੂੰ  ਤਾਂ ਹੀ ਲਿਖ ਰਹੇ ਹਨ ਕਿਉਂਕਿ ਇਨ੍ਹਾਂ ਦੀ ਏ. ਸੀ. ਆਰ. ਸਿੱਧੀ ਸੀ. ਐੈੱਮ. ਡੀ. ਕੋਲ ਹੁੰਦੀ ਹੈ। ਉਨ੍ਹਾਂ ਇਸ ਪੱਤਰ ਦੀਆਂ ਕਾਪੀਆਂ ਸਾਰੇ ਕਰਮਚਾਰੀਆਂ ਵਿਚ ਵੰਡਣ ਦੀ ਤਾਕੀਦ ਵੀ ਕੀਤੀ ਹੈ।

Shyna

This news is Content Editor Shyna