ਸਫਾਈ ਮੁਹਿੰਮ ਦੀਆਂ ਧੱਜੀਆਂ ਉਡਾ ਰਿਹੈ ਸ਼ਾਮਚੁਰਾਸੀ ਦਾ ਬਿਜਲੀ ਘਰ, ਮੁੱਖ ਗੇਟ ਤੋਂ ਸ਼ੁਰੂ ਹੋ ਜਾਂਦੈ ''ਜੰਗਲ ਰਾਜ'' (ਤਸਵੀਰਾਂ)

07/20/2017 7:03:43 PM

ਸ਼ਾਮਚੁਰਾਸੀ(ਚੁੰਬਰ)— ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਿਵੀਜ਼ਨ ਸ਼ਾਮਚੁਰਾਸੀ ਵਿਚ ਸਾਫ-ਸਫਾਈ ਦਾ ਇੰਨਾ ਬੁਰਾ ਹਾਲ ਹੈ ਕਿ ਇਸ ਨੂੰ ਬਿਆਨ ਕਰਨਾ ਵੀ ਔਖਾ ਲੱਗਦਾ ਹੈ। ਕਈ ਏਕੜ ਵਿਚ ਫੈਲੇ ਬਿਜਲੀ ਘਰ ਦੇ ਮੁੱਖ ਗੇਟ ਤੋਂ ਹੀ ਸਫਾਈ ਮੁਹਿੰਮ 'ਕਰੰਟਲੈੱਸ' ਹੋਈ ਦਿਖਾਈ ਦਿੰਦੀ ਹੈ, ਜਿਸ ਦੇ ਦੋਵੇਂ ਪਾਸੇ ਜੰਗਲ ਰਾਜ ਸਥਾਪਤ ਹੈ। ਬਿਜਲੀ ਘਰ ਦੀ ਬਿਲਡਿੰਗ ਦੇ ਆਲੇ-ਦੁਆਲੇ ਇਸ ਤਰ੍ਹਾਂ ਭੰਗ ਬੂਟੀ ਉੱਗੀ ਹੋਈ ਹੈ ਕਿ ਦੇਖਣ ਨੂੰ ਇਹ ਕੋਈ ਜੰਗਲ ਹੀ ਜਾਪਦਾ ਹੈ। ਜਿੱਥੇ ਲੋਕ ਬਿੱਲ ਤਾਰਦੇ ਹਨ, ਉਥੇ ਕਿਸੇ ਵੇਲੇ ਵੀ ਕਤਾਰ ਵਿਚ ਖੜ੍ਹੇ ਵਿਅਕਤੀ ਨੂੰ ਜ਼ਹਿਰੀਲਾ ਕੀੜਾ, ਮਕੌੜਾ, ਸੱਪ ਆਦਿ ਡੰਗ ਮਾਰ ਕੇ ਮੌਤ ਦੇ ਘਾਟ ਉਤਾਰ ਸਕਦਾ ਹੈ। ਇਸ ਦੇ ਆਸ-ਪਾਸ ਘਾਹ ਬੂਟੀ ਬਹੁਤ ਜ਼ਿਆਦਾ ਉੱਗੀ ਹੋਈ ਹੈ। ਗਰਮੀ ਕਰਕੇ ਇਥੇ ਵਿਭਾਗ ਨੇ ਖਪਤਕਾਰਾਂ ਲਈ ਇਕ ਨਲਕਾ ਲਗਾਇਆ ਸੀ, ਜੋ ਇਸ ਸਮੇਂ ਜੰਗਲ ਰਾਜ ਵਿਚ ਹੀ ਦਮ ਤੋੜ ਗਿਆ ਹੈ ਅਤੇ ਪਾਣੀ ਦੇਣ ਦੇ ਕਾਬਲ ਨਹੀਂ ਰਿਹਾ। 

ਬਿਜਲੀ ਵਿਭਾਗ ਦੀ ਇਕ ਕੰਧ ਵੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦਫਤਰ ਦੇ ਆਲੇ-ਦੁਆਲੇ ਜੰਗਲ ਰਾਜ ਵਿਚ ਭਾਵੇਂ ਕੋਈ ਦਿਨੇ  ਹੀ ਲੁੱਕਿਆ ਹੋਵੇ, ਲੱਭਿਆ ਨਹੀਂ ਜਾ ਸਕਦਾ। ਇਥੇ ਚਮੜੀ ਰੋਗ ਤੇ ਦਮੇ ਵਰਗੀ ਬੀਮਾਰੀ ਨੂੰ ਪੈਦਾ ਕਰਨ ਵਾਲੀ ਗਾਜਰ ਬੂਟੀ ਇਸ ਕਦਰ ਹੈ ਕਿ ਲੱਖ ਚਾਹੁੰਦਿਆਂ ਹੋਇਆਂ ਵੀ ਇਸ ਤੋਂ ਬਚਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਹਰ ਸਾਲ ਬਰਸਾਤ ਦੇ ਮਹੀਨੇ ਵਿਚ ਵਿਭਾਗ ਨੂੰ ਇਸ ਤਰ੍ਹਾਂ ਹੀ ਇਹ ਜੰਗਲੀ ਬੂਟੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ, ਜਿਸ ਨੂੰ ਪਹਿਲਾਂ ਵੀ ਕਈ ਵਾਰ ਕਮੇਟੀ ਦੇ ਕਰਮਚਾਰੀਆਂ ਵੱਲੋਂ ਸਫ਼ਾਈ ਅਭਿਆਨ ਚਲਾ ਕੇ ਸਾਫ-ਸੁਥਰਾ ਕੀਤਾ ਗਿਆ ਹੈ। ਹੁਣ ਵੀ ਖਪਤਕਾਰਾਂ ਸਮੇਤ ਆਸ-ਪਾਸ ਦੇ ਲੋਕਾਂ ਦੀ ਮੰਗ ਹੈ ਕਿ ਇਥੇ ਸਫਾਈ ਵਿਵਸਥਾ ਨੂੰ ਬਹਾਲ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾਵੇ।