ਬਿਜਲੀ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

11/18/2017 7:50:52 AM

ਲੁਧਿਆਣਾ, (ਸਲੂਜਾ)- ਪੇਅ-ਬੈਂਡ ਅਤੇ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਨੇ ਅੱਜ ਗਰਿੱਡ ਸ਼ਹਿਰੀ ਸੰਭਾਲ ਅਤੇ ਨਗਰ ਕੇਂਦਰੀ ਮੰਡਲ 'ਚ ਸਰਕਾਰ ਖਿਲਾਫ ਰੋਸ ਰੈਲੀ ਕੀਤੀ। 
ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੁਰਦਾਬਾਦ ਦੇ ਨਾਅਰਿਆਂ ਨਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਰਘੁਬੀਰ ਸਿੰਘ ਅਤੇ ਰਾਜੀਵ ਜੋਸ਼ੀ ਨੇ ਕਿਹਾ ਕਿ ਵਿਭਾਗ 'ਚ ਸਟਾਫ ਦੀ ਘਾਟ ਕਾਰਨ ਅੱਜ ਹਰ ਮੁਲਾਜ਼ਮ ਅਤੇ ਅਧਿਕਾਰੀ 'ਤੇ ਕੰਮ ਦਾ ਬੋਝ ਕਈ ਗੁਣਾ ਵਧ ਚੁੱਕਿਆ ਹੈ ਪਰ ਪਿਛਲੇ ਕਈ ਸਾਲਾਂ ਤੋਂ ਹੀ ਰੈਗੂਲਰ ਆਧਾਰ 'ਤੇ ਇਕ ਵੀ ਭਰਤੀ ਨਾ ਹੋਣ ਦੀ ਵਜ੍ਹਾ ਨਾਲ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਇਕ ਨਿਸ਼ਚਿਤ ਸਮੇਂ 'ਚ ਨਿਪਟਾਰਾ ਨਹੀਂ ਹੋ ਰਿਹਾ। 
ਵਿਭਾਗ ਦਾ ਸਮੁੱਚਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਮੁਲਾਜ਼ਮ ਯੂਨੀਅਨ ਦੇ ਨਾਲ ਸਰਕਾਰ ਅਤੇ ਮੈਨੇਜਮੈਂਟ ਨੇ ਕਈ ਮੀਟਿੰਗਾਂ ਕੀਤੀਆਂ ਪਰ ਉਨ੍ਹਾਂ ਦੀ ਪੇਅ-ਬੈਂਡ ਸਮੇਤ ਕਿਸੇ ਵੀ ਮੰਗ ਦਾ ਨਿਪਟਾਰਾ ਨਾ ਕੀਤੇ ਜਾਣ ਨਾਲ ਮੁਲਾਜ਼ਮਾਂ 'ਚ ਦਿਨ ਪ੍ਰਤੀ ਦਿਨ ਰੋਸ ਵਧਦਾ ਹੀ ਜਾ ਰਿਹਾ ਹੈ। 
ਮੁਲਾਜ਼ਮ ਨੇਤਾਵਾਂ ਰਮੇਸ਼ ਵਰਮਾ, ਬਲਦੇਵ ਸਿੰਘ ਅਤੇ ਸੋਭਨ ਸਿੰਘ ਨੇ ਮੰਗ ਕੀਤੀ ਕਿ ਵਿਭਾਗ 'ਚ ਖਾਲੀ ਪਈਆਂ ਪੋਸਟਾਂ ਨੂੰ ਰੈਗੂਲਰ ਆਧਾਰ 'ਤੇ ਭਰਿਆ ਜਾਵੇ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਉਤਪਾਦਨ ਪਲਾਂਟਾਂ 'ਤੇ ਖੁਦ ਦਾ ਕੰਟਰੋਲ ਰੱਖਣ। ਨਾ ਕਿ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਕੇ ਬਿਜਲੀ ਵਿਭਾਗ ਨੂੰ ਪੂਰਨ ਤੌਰ 'ਤੇ ਨਿੱਜੀਕਰਨ ਕਰ ਕੇ ਰੱਖ ਦੇਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਅੰਦੋਲਨ ਕਿਸੇ ਵੀ ਹੱਦ ਤਕ ਜਾ ਸਕਦਾ ਹੈ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਿਧੇ ਤੌਰ 'ਤੇ ਸਰਕਾਰ ਅਤੇ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਵੇਗੀ।