ਜਲੰਧਰ: ਬਿਜਲੀ ਦਾ ਸੰਕਟ ਹੋਣ ਲੱਗਾ ਗੰਭੀਰ, ਪਾਵਰ ਕੱਟ ਲੱਗਣੇ ਹੋਏ ਸ਼ੁਰੂ

04/06/2022 10:34:16 AM

ਜਲੰਧਰ (ਪੁਨੀਤ)— ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ’ਚ ਵਾਧਾ ਦਰਜ ਹੋਇਆ ਹੈ। ਇਸ ਦੇ ਚਲਦਿਆਂ ਪਾਵਰਕਾਮ ਨੇ ਸ਼ਹਿਰਾਂ ’ਚ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਾਵਰਕਾਮ ਵੱਲੋਂ ਸ਼ੈਡਿਊਲ ਪਾਵਰ ਕੱਟ ਬੁੱਧਵਾਰ ਸਵੇਰੇ 6 ਵਜੇ ਐਲਾਨ ਕੀਤਾ ਗਿਆ ਸੀ ਜੋਕਿ 7 ਵਜੇ ਤੱਕ ਲਗਾਇਆ ਜਾਣਾ ਸੀ ਪਰ ਇਹ ਕੱਟ ਲੱਗਣ ਤੋਂ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ। ਇਸ ਦੇ ਬਾਅਦ 8.55 ’ਤੇ ਇਹ ਪਾਵਰ ਕੱਟ 9 ਤੋਂ 10 ਵਜੇ ਤੱਕ ਦਾ ਲਗਾਇਆ ਗਿਆ। ਇਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਬਿਜਲੀ ਦੇ ਮਾਮਲੇ ਵਿਚ 2 ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ 300 ਯੂਨਿਟ ਮੁਫ਼ਤ ਬਿਜਲੀ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਸਭ ਤੋਂ ਅਹਿਮ ਸੀ ਪਰ ਸਰਕਾਰ ਆਪਣੇ ਦੋਵੇਂ ਵਾਅਦਿਆਂ ਵਿਚੋਂ ਕਿਸੇ ਇਕ ਨੂੰ ਵੀ ਪੂਰਾ ਨਹੀਂ ਕਰ ਸਕੀ ਅਤੇ ਜਨਤਾ ’ਤੇ ਐਲਾਨੇ ਬਿਜਲੀ ਕੱਟਾਂ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ‘ਆਪ’ ਦੇ ਦਾਅਵੇ ਠੁੱਸ ਹੋ ਗਏ ਹਨ। ਪਿੰਡਾਂ ਵਿਚ ਕਾਫ਼ੀ ਦਿਨ ਪਹਿਲਾਂ ਤੋਂ ਕੱਟ ਲਗਾਉਣੇ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਇਸ ਸਮੇਂ ਕਈ ਦਿਹਾਤੀ ਇਲਾਕਿਆਂ ਵਿਚ 6-6 ਘੰਟੇ ਦੀ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ। 

ਇਸੇ ਕ੍ਰਮ ਵਿਚ ਅੱਜ ਸ਼ਹਿਰਾਂ ਦੇ ਘਰੇਲੂ ਖ਼ਪਤਕਾਰਾਂ ’ਤੇ ਪਹਿਲਾ ਪਾਵਰਕੱਟ ਲਗਾਇਆ ਗਿਆ, ਜਿਸ ਨਾਲ ਗਰਮੀ ਦੇ ਸੀਜ਼ਨ ਵਿਚ ਐਲਾਨੇ ਪਾਵਰਕੱਟਾਂ ਦਾ ਆਗਾਜ਼ ਹੋ ਗਿਆ। ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਅਜੇ ਘੱਟ ਹੋਣ ਦੇ ਬਾਵਜੂਦ ਐਲਾਨੇ ਪਾਵਰਕੱਟ ਲਗਾਉਣੇ ਪੈ ਰਹੇ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਕੀ ਹਾਲ ਹੋਵੇਗਾ ਜਦੋਂ ਏ. ਸੀ. ਚੱਲਣੇ ਸ਼ੁਰੂ ਹੋ ਜਾਣਗੇ। ਘਰੇਲੂ ਖ਼ਪਤਕਾਰਾਂ ’ਤੇ ਅੱਜ ਪਹਿਲਾ ਪਾਵਰਕੱਟ ਲਗਾਏ ਜਾਣ ਦੀ ਸੂਚਨਾ ਸਾਢੇ 5 ਵਜੇ ਦੇ ਲਗਭਗ ਆਈ ਅਤੇ 6 ਤੋਂ 7 ਵਜੇ ਤੱਕ ਬਿਜਲੀ ਬੰਦ ਰੱਖਣ ਲਈ ਕਿਹਾ ਗਿਆ ਪਰ ਇਸ ਕੱਟ ਨੂੰ ਲੱਗਣ ਤੋਂ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ। ਇਸ ਤੋਂ ਬਾਅਦ 8 ਵਜੇ ਦੂਜਾ ਮੈਸਿਜ ਆਇਆ ਅਤੇ 8.30 ਤੋਂ 10 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖਣ ਦੇ ਹੁਕਮ ਆਏ। ਜਦੋਂ ਪਾਵਰਕੱਟ ਲਗਾਇਆ ਗਿਆ ਤਾਂ ਪੰਜਾਬ ਵਿਚ ਬਿਜਲੀ ਦੀ ਡਿਮਾਂਡ 7 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚਣ ਵਾਲੀ ਸੀ ਅਤੇ 9.30 ਵਜੇ ਇਹ ਡਿਮਾਂਡ 7 ਹਜ਼ਾਰ ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ। ਅੱਜ ਪੂਰੇ ਦਿਨ ਵਿਚ ਸਵੇਰ ਤੋਂ ਸ਼ਾਮ 6.55 ਦੇ ਲਗਭਗ ਡਿਮਾਂਡ ਨੇ ਫਿਰ ਤੋਂ ਜ਼ੋਰ ਫੜਿਆ। ਰਾਤ 10 ਵਜੇ ਬਿਜਲੀ ਦੀ ਡਿਮਾਂਡ 6500 ਮੈਗਾਵਾਟ ਦੇ ਕਰੀਬ ਰਿਕਾਰਡ ਹੋਈ। ਸ਼ਾਮ ਨੂੰ ਜਦੋਂ ਡਿਮਾਂਡ ਵਧੀ ਤਾਂ ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਘਰੇਲੂ ਖਪਤਕਾਰਾਂ ’ਤੇ 7 ਤੋਂ 8 ਵਜੇ ਤੱਕ ਪਾਵਰਕੱਟ ਲੱਗੇਗਾ ਪਰ ਦੂਸਰੀ ਕੈਟਾਗਰੀ ਦੀ ਬਿਜਲੀ ਸਪਲਾਈ ਨੂੰ 8 ਵਜੇ ਤੱਕ ਬੰਦ ਕਰ ਕੇ ਘਰੇਲੂ ਖਪਤਕਾਰਾਂ ’ਤੇ ਕੱਟ ਨਹੀਂ ਲਗਾਇਆ ਗਿਆ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ’ਚ ਹੋਇਆ ਵਾਧਾ

ਡਿਮਾਂਡ ਘੱਟ ਅਤੇ ਜ਼ਿਆਦਾ ਹੋਣ ਦੇ ਬਾਵਜੂਦ ਬੁੱਧਵਾਰ ਦੇ ਦਿਨ ਸਵੇਰੇ 8.30 ਵਜੇ ਤੋਂ ਬਾਅਦ ਕੋਈ ਵੀ ਐਲਾਨਿਆ ਪਾਵਰਕੱਟ ਨਹੀਂ ਲਗਾਇਆ ਪਰ ਖ਼ਪਤਕਾਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਪਾਵਰਕੱਟਾਂ ਲਈ ਤਿਆਰ ਰਹਿਣਾ ਹੋਵੇਗਾ। ਪਾਵਰਕੱਟ ਬਿਜਲੀ ਦੀ ਡਿਮਾਂਡ ਅਤੇ ਸਪਲਾਈ ਵਿਚ ਅੰਤਰ ਆਉਣ ’ਤੇ ਲਗਾਇਆ ਜਾਂਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਥੇ ਇਹ ਖੜ੍ਹਾ ਹੁੰਦਾ ਹੈ ਕਿ ਅਪ੍ਰੈਲ ਮਹੀਨੇ ਵਿਚ ਬਿਜਲੀ ਦੀ ਕਿੱਲਤ ਕਿਵੇਂ ਹੋ ਗਈ। ਪਾਵਰਕਾਮ ਨੇ ਖ਼ੁਦ ਦੇ ਬਿਜਲੀ ਉਤਪਾਦਨ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਸਮਝੌਤਿਆਂ ਕਾਰਨ 14 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ, ਜਦਕਿ ਅੱਜ ਦੀ ਡਿਮਾਂਡ 7 ਹਜ਼ਾਰ ਮੈਗਾਵਾਟ ਤੋਂ ਉਪਰ ਨਹੀਂ ਗਈ। ਇਹ ਪੂਰਾ ਘਟਨਾਕ੍ਰਮ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਕੀ ਕਦਮ ਉਠਾਉਂਦੀ ਹੈ ਤਾਂ ਜੋ ਖਪਤਕਾਰਾਂ ਨੂੰ ਕੱਟਾਂ ਦੀ ਮਾਰ ਤੋਂ ਬਚਾਇਆ ਜਾ ਸਕੇ। 14 ਹਜ਼ਾਰ ਮੈਗਾਵਾਟ ਦੇ ਸਮਝੌਤੇ ਅਤੇ ਡਿਮਾਂਡ ਦੇ 7 ਹਜ਼ਾਰ ਮੈਗਾਵਾਟ ’ਤੇ ਪਹੁੰਚਣ ’ਤੇ ਪਾਵਰਕੱਟ ਲਗਾਏ ਜਾਣ ਨਾਲ ਇਸ ਫੀਲਡ ਨਾਲ ਜੁੜੇ ਮਾਹਿਰ ਹੈਰਾਨੀ ਪ੍ਰਗਟ ਕਰ ਰਹੇ ਹਨ।
ਕੇਂਦਰ ਕੋਲ ਭੇਜੀ ਗਈ ਫਾਈਲ ਅਜੇ ਤੱਕ ਪੈਂਡਿੰਗ
ਕਾਂਗਰਸ ਸਰਕਾਰ ਸਮੇਂ ਬਿਜਲੀ ਸਮਝੌਤਿਆਂ ’ਤੇ ਰੀ-ਨੈਗੋਸੀਏਸ਼ਨ ਐਕਟ ਬਣਾਉਣ ਲਈ ਵਿਧਾਨ ਸਭਾ ’ਚ ਮਤਾ ਪਾਸ ਕਰਕੇ ਕੇਂਦਰ ਕੋਲ ਫਾਈਲ ਭੇਜੀ ਗਈ ਸੀ, ਜੋ ਕਿ ਅਜੇ ਤੱਕ ਪੈਂਡਿੰਗ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਬਿਜਲੀ ਸਮਝੌਤਿਆਂ ’ਤੇ ਪੁਨਰ-ਵਿਚਾਰ ਕਰਨ ਅਤੇ ਉਨ੍ਹਾਂ ਵਿਚ ਸੋਧ ਕਰਨ ਦੀ ਇਜਾਜ਼ਤ ਮੰਗੀ ਸੀ। ਉਸ ਸਮੇਂ ਆਮ ਆਦਮੀ ਪਾਰਟੀ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ ਅਤੇ ਬਿਜਲੀ ਸੋਧ ਨੂੰ ਉਚਿਤ ਕਰਾਰ ਦਿੱਤਾ ਸੀ। ਹੁਣ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦੇਖਣਾ ਹੋਵੇਗਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਕੀਤੇ ਗਏ ਸਮਝੌਤਿਆਂ ਨੂੰ ਬਦਲਣ ਲਈ ‘ਆਪ’ ਸਰਕਾਰ ਕੀ ਕਦਮ ਉਠਾਉਂਦੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦਾ ਦਬੁਰਜੀ ਬਣਿਆ ਸੂਬੇ ਦਾ ਪਹਿਲਾ ਕਲੀਨ ਐਂਡ ਗਰੀਨ ਪਿੰਡ, ਜਾਣੋ ਕੀ ਹੈ ਖ਼ਾਸੀਅਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri