ਚੰਡੀਗੜ੍ਹ ''ਚ ਖ਼ਤਮ ਹੋਇਆ ''ਬਿਜਲੀ ਸੰਕਟ'', ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ

02/24/2022 9:09:35 AM

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ 42 ਘੰਟੇ ਤਕ ਬਿਜਲੀ ਗੁੱਲ ਰਹੀ, ਜਿਸ ਤੋਂ ਬਾਅਦ ਆਰਮੀ ਵੱਲੋਂ ਮੋਰਚਾ ਸੰਭਾਲਣ ਤੋਂ ਬਾਅਦ ਬਿਜਲੀ ਬਹਾਲ ਕੀਤੀ ਗਈ। ਇਸ ਦੌਰਾਨ ਲੋਕ ਵੱਖ-ਵੱਖ ਤਰੀਕਿਆਂ ਨਾਲ ਮਦਦ ਦੀ ਅਪੀਲ ਕਰਦੇ ਰਹੇ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਲਾਚਾਰ ਰਿਹਾ। ਬਿਜਲੀ-ਪਾਣੀ ਨਾ ਹੋਣ ਕਾਰਨ ਲੋਕ ਮੰਗਲਵਾਰ ਪੂਰਾ ਦਿਨ ਅਤੇ ਬੁੱਧਵਾਰ ਅੱਧਾ ਦਿਨ ਪਰੇਸ਼ਾਨ ਰਹੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਬਿਜਲੀ ਸੰਕਟ' ਦੌਰਾਨ ਹਾਈਕੋਰਟ ਦਾ ਵੱਡਾ ਫ਼ੈਸਲਾ, ਪ੍ਰਸ਼ਾਸਨ ਨੂੰ ਦਿੱਤੇ ਇਹ ਹੁਕਮ

ਲੋਕਾਂ ਨੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਦਖ਼ਲ ਦੇਣ ਦੀ ਅਪੀਲ ਕੀਤੀ ਪਰ 2 ਦਿਨ ਮਚੇ ਇਸ ਹਾਹਾਕਾਰ ’ਤੇ ਉਨ੍ਹਾਂ ਕੁੱਝ ਨਹੀਂ ਬੋਲਿਆ। ਉਥੇ ਹੀ ਯੂ. ਟੀ. ਪ੍ਰਸ਼ਾਸਨ ਨਾਲ ਸਮਝੌਤੇ ਤੋਂ ਬਾਅਦ ਸ਼ਹਿਰ ਦੇ ਬਿਜਲੀ ਮੁਲਾਜ਼ਮਾਂ ਨੇ ਬੁੱਧਵਾਰ ਹੜਤਾਲ ਵਾਪਸ ਲੈ ਲਈ। ਹੜਤਾਲ ਖ਼ਤਮ ਹੋਣ ਤੋਂ ਬਾਅਦ ਅਜੇ ਬਿਜਲੀ ਮੁਲਾਜ਼ਮ ਹੀ ਸਾਰਾ ਕੰਮ ਦੇਖਣਗੇ ਪਰ ਇਕ ਹਫ਼ਤੇ ਤੱਕ ਆਰਮੀ ਵੀ ਮੋਰਚਾ ਸੰਭਾਲੀ ਰੱਖੇਗੀ, ਤਾਂ ਜੋ ਜੇਕਰ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਤੁਰੰਤ ਉਸ ਨੂੰ ਠੀਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ ਮੌਸਮ, ਬੱਦਲਵਾਈ ਨਾਲ ਪੈ ਸਕਦੈ ਮੀਂਹ
ਮਨੀਸ਼ ਤਿਵਾੜੀ ਨੇ ਕੇਂਦਰੀ ਗ੍ਰਹਿ ਮੰਤਰੀ ਅੱਗੇ ਕੀਤੀ ਮਦਦ ਦੀ ਅਪੀਲ
ਉਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਤੋਂ ਇਲਾਵਾ ਐਕਟਰ ਵਿੰਦੂ ਦਾਰਾ ਸਿੰਘ ਅਤੇ ਹੋਰ ਕਈ ਲੋਕਾਂ ਨੇ ਵੀ ਚੰਡੀਗੜ੍ਹ ਵਿਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਟਵੀਟ ਕੀਤਾ ਹੈ। ਤਿਵਾੜੀ ਨੇ ਟਵਿੱਟਰ ’ਤੇ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਚੰਡੀਗੜ੍ਹ ਵਿਚ ਅਰਾਜਕਤਾ ਫੈਲੀ ਹੋਈ ਹੈ। ਸਾਰੀਆਂ ਜ਼ਰੂਰੀ ਸੇਵਾਵਾਂ ਠੱਪ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita