ਬਾਰਿਸ਼-ਹਨ੍ਹੇਰੀ ਨਾਲ ਅਸਤ-ਵਿਅਸਤ ਹੋਇਆ ਬਿਜਲੀ ਸਿਸਟਮ : 7500 ਤੋਂ ਵੱਧ ਸ਼ਿਕਾਇਤਾਂ ਬਣੀਆਂ ਪ੍ਰੇਸ਼ਾਨੀ ਦਾ ਸਬੱਬ

02/02/2024 4:11:55 PM

ਜਲੰਧਰ (ਪੁਨੀਤ) : ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵੱਡੀਆਂ-ਵੱਡੀਆਂ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਪਰ ਕੁਦਰਤ ਦੇ ਅੱਗੇ ਵਿਭਾਗ ਬੇਵੱਸ ਨਜ਼ਰ ਆਉਂਦਾ ਹੈ। ਇਸੇ ਕ੍ਰਮ ’ਚ ਬਾਰਿਸ਼ ਅਤੇ ਹਨੇਰੀ ਅੱਗੇ ਅੱਜ ਬਿਜਲੀ ਸਿਸਟਮ ਅਸਤ-ਵਿਅਸਤ ਹੋਇਆ ਨਜ਼ਰ ਆਇਆ, ਜਿਸ ਕਾਰਨ ਪਾਵਰਕਾਮ ਦੇ ਕਰਮਚਾਰੀਆਂ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਕ੍ਰਮ ’ਚ ਸਵੇਰੇ ਤੜਕਸਾਰ ਹਨੇਰੀ ਤੇ ਬਾਰਿਸ਼ ਕਾਰਨ ਸਿਸਟਮ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਿਸ ਕਾਰਨ ਦੁਪਹਿਰ ਬਾਅਦ ਤਕ ਨਾਰਥ ਜ਼ੋਨ ਅਧੀਨ 7500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਥੇ ਹੀ, ਜਲੰਧਰ ਸਰਕਲ ’ਚ ਸਵੇਰੇ 10 ਵਜੇ ਤਕ 800 ਤੋਂ ਵੱਧ ਫਾਲਟ ਪੈਣਾ ਜਨਤਾ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਿਆ। ਜ਼ੋਨ ਦੇ ਵੱਖ-ਵੱਖ ਸਰਕਲਾਂ ’ਚ ਦੁਪਹਿਰ ਤਕ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਪੇਸ਼ ਆਈ। ਜ਼ੋਨ ਵਿਚ ਬੁੱਧਵਾਰ ਰਾਤ ਨੂੰ ਫਾਲਟ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ ਅਤੇ ਸਵੇਰੇ ਤੇਜ਼ ਬਾਰਿਸ਼ ਕਾਰਨ 7500 ਦੇ ਲਗਭਗ ਫਾਲਟ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ, ਜਿਸ ’ਤੇ ਸਾਰਾ ਦਿਨ ਕੰਮ ਚੱਲਦਾ ਰਿਹਾ। ਇਸ ਨੂੰ ਠੀਕ ਕਰਨ ’ਚ ਕਰਮਚਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਸਵੇਰੇ ਤੜਕਸਾਰ ਅਚਾਨਕ ਹਨੇਰੀ ਨਾਲ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਇਸਨੂੰ ਦੇਖਦੇ ਹੋਏ ਵਿਭਾਗ ਨੇ ਅਹਿਤਿਆਤ ਦੇ ਤੌਰ ’ਤੇ ਪੂਰੇ ਸ਼ਹਿਰ ’ਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਤਾਂ ਕਿ ਹਨ੍ਹੇਰੀ ਕਾਰਨ ਤਾਰਾਂ ਆਪਸ ’ਚ ਜੁੜਨ ਨਾਲ ਵੱਡਾ ਫਾਲਟ ਨਾ ਪੈ ਜਾਵੇ। ਲਗਭਗ 10 ਮਿੰਟ ਹਨ੍ਹੇਰੀ ਚੱਲੀ।

ਇਹ ਵੀ ਪੜ੍ਹੋ : ਬਲਕਾਰ ਸਿੰਘ ਨੇ ਵਿਧਾਇਕਾਂ ਨਾਲ ਪ੍ਰਾਜੈਕਟਾਂ ਸਬੰਧੀ ਕੀਤੀ ਜਾਇਜ਼ਾ ਮੀਟਿੰਗ, ਦਿੱਤੇ ਇਹ ਨਿਰਦੇਸ਼

ਇਸ ਤੋਂ ਬਾਅਦ ਲੰਮੇ ਸਮੇਂ ਤਕ ਹੋਈ ਬਾਰਿਸ਼ ਨੇ ਬਿਜਲੀ ਸਿਸਟਮ ਨੂੰ ਕਾਫੀ ਨੁਕਸਾਨ ਪਹੁੰਚਾਇਆ। ਹਾਲਾਤ ਆਮ ਵਾਂਗ ਹੋਣ ’ਤੇ ਵਿਭਾਗ ਵੱਲੋਂ ਜਦੋਂ ਬਿਜਲੀ ਚਾਲੂ ਕੀਤੀ ਗਈ ਤਾਂ ਨਾਰਥ ਜ਼ੋਨ ’ਚ ਪੈਂਦੇ ਸੈਂਕੜੇ ਇਲਾਕਿਆਂ ’ਚ ਬਿਜਲੀ ਚਾਲੂ ਨਹੀਂ ਹੋ ਸਕੀ। ਅਜਿਹੇ ਹਾਲਾਤ ’ਚ ਲੋਕਾਂ ਨੇ ਸੋਚਿਆ ਕਿ ਬਾਰਿਸ਼ ਕਾਰਨ ਬਿਜਲੀ ਸਪਲਾਈ ਬੰਦ ਹੈ ਪਰ ਜਦੋਂ ਬਾਰਿਸ਼ ਰੁਕਣ ਦੇ ਅੱਧੇ ਘੰਟੇ ਤਕ ਸਪਲਾਈ ਚਾਲੂ ਨਹੀਂ ਹੋ ਸਕੀ ਤਾਂ ਖ਼ਪਤਕਾਰਾਂ ਨੇ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੋਨ ਆਦਿ ਕਰ ਕੇ ਬਿਜਲੀ ਦਾ ਸਟੇਟਸ ਪਤਾ ਕੀਤਾ। ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਇਲਾਕੇ ’ਚ ਫਾਲਟ ਕਾਰਨ ਬਿਜਲੀ ਗੁੱਲ ਹੋਈ ਤਾਂ ਸ਼ਿਕਾਇਤਾਂ ਕਰਨ ਦਾ ਦੌਰ ਸ਼ੁਰੂ ਹੋਇਆ। ਇਸ ਕ੍ਰਮ ’ਚ ਸੈਂਕੜੇ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਵਧੇਰੇ ਮੁਹੱਲਿਆਂ ਅਤੇ ਕਈ ਮੁੱਖ ਇਲਾਕਿਆਂ ’ਚ ਸ਼ਿਕਾਇਤਾਂ ਦਰਜ ਕਰਵਾਉਣ ਦੇ ਘੰਟਿਆਂ ਬਾਅਦ ਵੀ ਬਿਜਲੀ ਕਰਮਚਾਰੀ ਮੌਕੇ ’ਤੇ ਨਹੀਂ ਪੁੱਜੇ, ਜਿਸ ਨਾਲ ਖ਼ਪਤਕਾਰਾਂ ’ਚ ਗੁੱਸਾ ਦੇਖਣ ਨੂੰ ਮਿਲਿਆ। ਸ਼ੁਰੂ ਤੋਂ ਲੋਕਾਂ ਦੀ ਇਹੀ ਸ਼ਿਕਾਇਤ ਹੈ ਕਿ ਸਟਾਫ਼ ਸਮੇਂ ’ਤੇ ਮੌਕੇ ’ਤੇ ਨਹੀਂ ਆਉਂਦਾ। ਇਸ ਕਾਰਨ ਜਿਹੜੇ ਫਾਲਟ ਠੀਕ ਹੋਣ ’ਚ 1-2 ਘੰਟੇ ਦਾ ਸਮਾਂ ਲੱਗਣਾ ਹੁੰਦਾ ਹੈ, ਉਸ ’ਚ ਕਈ ਵਾਰ 4-5 ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਦੂਜੇ ਪਾਸੇ ਕਈ ਇਲਾਕਿਆਂ ’ਚ ਲੋਕ ਸ਼ਿਕਾਇਤ ਕੇਂਦਰਾਂ ਵਿਚ ਵੀ ਪਹੁੰਚੇ ਪਰ ਉਥੇ ਵੀ ਸਟਾਫ਼ ਨਾ ਮਿਲਣ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel👇

https://whatsapp.com/channel/0029Va94hsaHAdNVur4L170e

Anuradha

This news is Content Editor Anuradha