''ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਦੁਬਾਰਾ ਖੁੱਲ੍ਹਣ ਦੀਆਂ ਸੰਭਾਵਨਾਵਾਂ ਕਮਜ਼ੋਰ''

12/09/2020 4:42:38 PM

ਚੰਡੀਗੜ੍ਹ (ਰਮਨਜੀਤ) : ਦੁਨੀਆਭਰ ਵਿਚ ਵਸੇ ਸਿੱਖਾਂ ਦੀ ਸ਼ਰਧਾ ਨਾਲ ਜੁੜੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਭਾਰਤੀ ਖੇਤਰ ਤੋਂ ਜਾਣ ਵਾਲੇ ਕਾਰੀਡੋਰ 'ਤੇ ਤਾਲਾਬੰਦੀ ਦਾ ਅਸਰ ਸਭ ਤੋਂ ਜ਼ਿਆਦਾ ਪਿਆ ਹੈ। ਜਦੋਂ ਕਈ ਮਹੀਨਿਆਂ ਦੇ ਤਾਲਾਬੰਦੀ ਤੋਂ ਬਾਅਦ ਅਨਲਾਕ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਤਕਰੀਬਨ ਸਾਰੀਆਂ ਸਹੂਲਤਾਂ ਵਾਪਸ ਪਟੜੀ 'ਤੇ ਆ ਚੁੱਕੀਆਂ ਹਨ, ਅਜਿਹੇ ਵਿਚ ਲਗਾਤਾਰ ਉੱਠ ਰਹੀ ਮੰਗ ਦੇ ਬਾਵਜੂਦ ਕਾਰੀਡੋਰ ਦੇ ਰਸਤੇ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਸਹੂਲਤ ਬਹਾਲ ਨਹੀਂ ਹੋ ਸਕੀ ਹੈ। ਹਾਲਾਂਕਿ ਪਾਕਿਸਤਾਨ ਵਲੋਂ ਧਾਰਮਿਕ ਅਸਥਾਨ ਨੂੰ ਦੁਬਾਰਾ ਖੋਲ੍ਹਣ ਦਾ ਦੋ ਮਹੀਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਪਰ ਹੈਲਥ ਪ੍ਰੋਟੋਕਾਲ ਦੀ ਗੱਲ ਕਹਿੰਦਿਆਂ ਭਾਰਤ ਸਰਕਾਰ ਵਲੋਂ ਅਜੇ ਵੀ ਇਸ ਕਾਰੀਡੋਰ ਨੂੰ ਖੋਲ੍ਹਣ ਦੀ ਪ੍ਰੀਕਿਰਿਆ ਵਿਚ ਕਦਮ ਅੱਗੇ ਨਹੀਂ ਵਧਾਇਆ ਗਿਆ ਹੈ। ਕਾਰੀਡੋਰ ਨੂੰ ਲੈ ਕੇ ਸ਼ੁਰੂ ਤੋਂ ਹੀ ਭਾਰਤੀ ਖੁਫ਼ੀਆ ਏਜੰਸੀਆਂ ਚੇਤੰਨ ਰਹੀਆਂ ਹਨ ਅਤੇ ਸਮੇਂ-ਸਮੇਂ 'ਤੇ ਸਰਕਾਰ ਨੂੰ ਇਨਪੁਟ ਦਿੰਦੀਆਂ ਰਹੀਆਂ ਹਨ, ਕਿਉਂਕਿ ਕਾਰੀਡੋਰ ਦੇ ਜ਼ਰੀਏ ਪਾਕਿਸਤਾਨ ਵਿਚ ਵੀਜ਼ਾ ਫ੍ਰੀ ਐਂਟਰੀ ਹੈ। ਖੁਫ਼ੀਆ ਏਜੰਸੀਆਂ ਵਲੋਂ ਇਹ ਵਾਰ-ਵਾਰ ਆਗਾਹ ਕੀਤਾ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਟਾਰਗੇਟ ਕਰਕੇ ਭਾਰਤ ਵਿਰੋਧੀ ਪ੍ਰਚਾਰ ਕਰਵਾ ਰਹੀ ਹੈ। ਪਾਕਿਸਤਾਨ ਸਰਕਾਰ ਵਲੋਂ ਹਾਲ ਹੀ ਵਿਚ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਪਾਕਿਸਤਾਨ ਵਾਲੇ ਹਿੱਸੇ ਦਾ ਪ੍ਰਬੰਧ ਗੈਰ ਸਿੱਖ ਸੰਸਥਾ ਨੂੰ ਸੌਂਪਣ ਤੋਂ ਬਾਅਦ ਇਹ ਸੰਭਾਵਨਾਵਾਂ ਹੋਰ ਵੀ ਵਧ ਗਈਆਂ ਹਨ। ਖੁਫ਼ੀਆ ਏਜੰਸੀਆਂ ਦਾ ਇਨਪੁਟ ਹੈ ਕਿ ਆਈ.ਐੱਸ.ਆਈ. ਵਲੋਂ ਸੰਚਾਲਨ ਨੂੰ ਸਿੱਧੇ ਆਪਣੇ ਹੱਥ ਵਿਚ ਲੈਣ ਲਈ ਹੀ ਅਜਿਹਾ ਬਦਲਾਅ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਸੰਗਠਨਾਂ ਦਾ ਦਾਅਵਾ, ਪੰਜਾਬ ਵਿਚ ਭਾਰਤ-ਬੰਦ ਦੇ ਸੱਦੇ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ

ਤਾਲਾਬੰਦੀ 'ਚ ਵਧੀ ਅੱਤਵਾਦੀਆਂ ਦੀ ਫੜੋ-ਫੜੀ
ਮਾਰਚ ਵਿਚ ਲੱਗੇ ਕਰਫਿਊ ਅਤੇ ਤਾਲਾਬੰਦੀ ਦੌਰਾਨ ਨਾ ਸਿਰਫ਼ ਪੰਜਾਬ, ਸਗੋਂ ਦਿੱਲੀ ਅਤੇ ਜੰਮੂ-ਕਸ਼ਮੀਰ ਵਿਚ ਵੀ ਖਾਲਿਸਤਾਨ ਸਮਰਥਕ ਅੱਤਵਾਦੀ ਗੁਟਾਂ ਨਾਲ ਸਬੰਧਤ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਪੰਜਾਬ ਪੁਲਸ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕੇ 'ਚੋਂ ਹੀ ਤਕਰੀਬਨ 6 ਅੱਤਵਾਦੀਆਂ ਨੂੰ ਫੜਿਆ ਜਾ ਚੁੱਕਾ ਹੈ, ਜਿਨ੍ਹਾਂ ਦੇ ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਨਾਲ ਵੀ ਕੋ-ਆਰਡੀਨੇਟਿਡ ਆਪ੍ਰੇਸ਼ਨ ਚਲਾਉਣ ਦੇ ਖੁਲਾਸੇ ਹੋਏ ਸਨ। ਦਿੱਲੀ ਪੁਲਸ ਵਲੋਂ ਵੀ ਖਾਲਿਸਤਾਨੀ ਅੱਤਵਾਦੀ ਗੁਟਾਂ ਨਾਲ ਸਬੰਧਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸੰਭਾਵਨਾਵਾਂ ਜਤਾਈਆਂ ਗਈਆਂ ਹਨ ਕਿ ਇਨ੍ਹਾਂ ਲੋਕਾਂ ਨੂੰ ਆਈ. ਐੱਸ. ਆਈ. ਵਲੋਂ ਸਿਰਫ਼ ਆਨਲਾਈਨ ਹੀ ਨਹੀਂ, ਸਗੋਂ ਫਿਜ਼ੀਕਲੀ ਕਾਂਟੈਕਟ ਰਾਹੀਂ ਵੀ ਰੈਡੀਕਲਾਈਜ਼ ਕੀਤਾ ਗਿਆ ਸੀ। ਦਿੱਲੀ ਸਪੈਸ਼ਲ ਸੈੱਲ ਵਲੋਂ ਹਾਲ ਹੀ ਵਿਚ ਮੁਕਾਬਲੇ ਤੋਂ ਬਾਅਦ ਫੜ੍ਹੇ ਗਏ ਪੰਜ ਅਤਵਾਦੀ ਸਰਗਰਮੀਆਂ ਵਾਲੇ ਮੁਲਜ਼ਮਾਂ ਵਿਚੋਂ ਦੋ ਖਾਲਿਸਤਾਨੀ ਸੰਗਠਨ ਨਾਲ ਜੁੜੇ ਦੱਸੇ ਗਏ ਹਨ। ਖੁਫ਼ੀਆ ਏਜੰਸੀਆਂ ਮੌਜੂਦਾ ਸਮੇਂ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਆਈ.ਐੱਸ.ਆਈ. ਵਲੋਂ ਲੋਕਾਂ ਦੀ ਭੜਕੀਆਂ ਹੋਈਆਂ ਭਾਵਨਾਵਾਂ ਦਾ ਫਾਇਦਾ ਚੁੱਕਣ ਸਬੰਧੀ ਵੀ ਆਗਾਹ ਕਰ ਚੁੱਕੀਆਂ ਹਨ। ਭਾਰਤ ਸਰਕਾਰ ਇਨ੍ਹਾਂ ਸਾਰੀਆਂ ਸਥਿਤੀਆਂ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦਾ ਰਿਸਕ ਲੈਣ ਦੇ ਮੂਡ ਵਿਚ ਨਹੀਂ ਲੱਗ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਪਾਕਿਸਤਾਨ ਵਲੋਂ ਕਾਰੀਡੋਰ ਖੋਲ੍ਹਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਰਤੀ ਸੰਸਥਾਵਾਂ ਅਤੇ ਲੋਕਾਂ ਵਲੋਂ ਕਾਰੀਡੋਰ ਖੋਲ੍ਹਣ ਸਬੰਧੀ ਚੁੱਕੀ ਗਈ ਮੰਗ 'ਤੇ 'ਹੈਲਥ ਪ੍ਰੋਟੋਕਾਲ' ਨੂੰ ਵਜ੍ਹਾ ਦੱਸਦਿਆਂ ਕਾਰੀਡੋਰ ਨਾ ਖੋਲ੍ਹਣ ਦੀ ਗੱਲ ਸਪੱਸ਼ਟ ਕਰ ਦਿੱਤੀ ਸੀ।

ਲਗਾਤਾਰ ਉਠ ਰਹੀ ਹੈ ਕਾਰੀਡੋਰ ਦੁਬਾਰਾ ਸ਼ੁਰੂ ਕਰਨ ਦੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿਚ ਆਏ ਪ੍ਰਕਾਸ਼ ਪਰਬ ਮੌਕੇ ਸ਼ੁਰੂ ਕੀਤੇ ਗਏ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਦਰਸ਼ਨ ਕਰਨ ਜਾਣ ਦੀ ਪ੍ਰਕਿਰਿਆ ਲੰਬੀ ਅਤੇ ਸਖ਼ਤ ਹੋਣ ਦੇ ਬਾਵਜੂਦ ਵੀ ਤਾਲਾਬੰਦੀ ਲੱਗਣ ਤੋਂ ਪਹਿਲਾਂ ਤਕ ਲੱਖਾਂ ਸ਼ਰਧਾਲੂਆਂ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਚੁੱਕੇ ਸਨ। ਤਾਲਾਬੰਦੀ ਲੱਗਣ ਤੋਂ ਬਾਅਦ ਅਨਲਾਕ ਪ੍ਰਕਿਰਿਆ ਦੇ ਤਹਿਤ ਜਦੋਂ ਹੋਰ ਸਹੂਲਤਾਂ ਅਤੇ ਧਾਰਮਿਕ ਅਸਥਾਨ ਖੁੱਲ੍ਹਣ ਲੱਗੇ, ਉਦੋਂ ਤੋਂ ਲਗਾਤਾਰ ਵੱਖ-ਵੱਖ ਸਿੱਖ ਸੰਗਠਨਾਂ ਤੋਂ ਲੈ ਕੇ ਐੱਸ. ਜੀ. ਪੀ. ਸੀ. ਅਤੇ ਰਾਜਨੀਤਕ ਪਾਰਟੀਆਂ ਵਲੋਂ ਵੀ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੁਬਾਰਾ ਖੋਲ੍ਹਣ ਦੀ ਮੰਗ ਚੁੱਕੀ ਜਾਂਦੀ ਰਹੀ ਹੈ। ਐੱਸ. ਜੀ. ਪੀ. ਸੀ. ਦੇ ਤਤਕਾਲੀਨ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਵੀ ਇਹ ਮੰਗ ਚੁੱਕੀ ਗਈ ਸੀ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਵੀ ਭੇਜਿਆ ਗਿਆ ਸੀ। 'ਆਪ' ਅਤੇ ਕਾਂਗਰਸ ਦੇ ਨੇਤਾਵਾਂ ਵਲੋਂ ਵੀ ਕਈ ਵਾਰ ਕਾਰੀਡੋਰ ਖੋਲ੍ਹਣ ਦੀ ਮੰਗ ਕੀਤੀ ਜਾ ਚੁੱਕੀ ਹੈ। ਇਕ ਅਕਤੂਬਰ ਨੂੰ ਪਾਕਿਸਤਾਨ ਵਲੋਂ ਕਾਰੀਡੋਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਰਤ 'ਚੋਂ ਵੀ ਕਾਰੀਡੋਰ ਖੋਲ੍ਹਣ ਦੀ ਮੰਗ ਹੋਰ ਜ਼ੋਰ ਫੜ੍ਹ ਗਈ ਸੀ। ਹਾਲਾਂਕਿ ਪਾਕਿਸਤਾਨ ਵਲੋਂ ਕਾਰੀਡੋਰ ਖੋਲ੍ਹਣ ਦੇ ਐਲਾਨ ਨੂੰ ਹੁਣ ਦੋ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਭਾਰਤ ਸਰਕਾਰ ਵਲੋਂ ਹੁਣ ਤਕ ਇਸ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ, ਜਿਸ ਨਾਲ ਸੰਭਾਵਨਾ ਬਣ ਰਹੀ ਹੈ ਕਿ ਕਾਰੀਡੋਰ ਖੋਲ੍ਹਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਕੋਈ ਜਲਦਬਾਜ਼ੀ ਨਹੀਂ ਕਰਨ ਵਾਲੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਜੂਨ 'ਚ ਵੀ ਠੁਕਰਾ ਦਿੱਤਾ ਗਿਆ ਸੀ ਪਾਕਿਸਤਾਨ ਦਾ ਪ੍ਰਸਤਾਵ
ਮਾਰਚ ਮਹੀਨੇ ਵਿਚ ਕੋਰੋਨਾ ਵਾਇਰਸ ਕਾਰਨ ਲਾਏ ਲਾਕਡਾਊਨ ਦੌਰਾਨ ਭਾਰਤ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਜੂਨ ਮਹੀਨੇ ਵਿਚ ਪਾਕਿਸਤਾਨ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਲਈ ਥੋੜੇ ਸਮੇਂ ਲਈ ਕਾਰੀਡੋਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਅਤੇ ਭਾਰਤ ਸਰਕਾਰ ਵਲੋਂ ਵੀ ਕਾਰੀਡੋਰ ਖੋਲ੍ਹਣ ਲਈ ਕਿਹਾ ਗਿਆ ਸੀ ਪਰ ਕੋਵਿਡ-19 ਦਾ ਹਵਾਲਾ ਦਿੰਦਿਆਂ ਉਕਤ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਸੀ।

ਕੀ ਹੈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ
ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ 4.7 ਕਿਲੋਮੀਟਰ ਲੰਮਾ ਕਾਰੀਡੋਰ ਪ੍ਰਾਜੈਕਟ ਹੈ, ਜੋ ਭਾਰਤੀ ਹੱਦ 'ਚ ਡੇਰਾ ਬਾਬਾ ਨਾਨਕ ਵਲੋਂ ਪਾਕਿਸਤਾਨ 'ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਥਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦਰਬਾਰ ਸਾਹਿਬ ਤਕ ਜਾਂਦਾ ਹੈ। ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਵਿਚਕਾਰ ਹੋਏ ਦੁਵੱਲੇ ਸਮਝੌਤੇ ਦੇ ਅਧੀਨ ਇਸ ਕਾਰੀਡੋਰ ਰਾਹੀਂ ਭਾਰਤ ਤੋਂ ਜਾਣ ਵਾਲੇ ਸ਼ਰਧਾਲੂ ਬਿਨਾਂ ਵੀਜ਼ਾ ਦੇ ਹੀ ਪਾਕਿਸਤਾਨ 'ਚ ਐਂਟਰੀ ਕਰਦੇ ਹਨ ਅਤੇ ਸ਼ਾਮ ਢਲਣ ਤੋਂ ਪਹਿਲਾਂ ਭਾਰਤ ਵਿਚ ਵਾਪਸ ਆ ਜਾਂਦੇ ਹਨ। ਕਰੋੜਾਂ ਦੀ ਲਾਗਤ ਵਾਲੇ ਇਸ ਕਾਰੀਡੋਰ ਪ੍ਰੋਜੈਕਟ ਰਾਹੀਂ ਜਾਣ ਵਾਲੇ ਹਰੇਕ ਸ਼ਰਧਾਲੂ ਤੋਂ ਪਾਕਿਸਤਾਨ ਵਲੋਂ 20 ਡਾਲਰ (ਤਕਰੀਬਨ 1500 ਭਾਰਤੀ ਰੁਪਏ) ਫ਼ੀਸ ਵਸੂਲੀ ਜਾਂਦੀ ਹੈ। 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੁਪਰਬ ਮੌਕੇ ਸ਼ੁਰੂ ਕੀਤੇ ਗਏ ਕਾਰੀਡੋਰ ਪ੍ਰਾਜੈਕਟ ਵਿਚ ਇਕ ਦਿਨ ਵਿਚ ਵੱਧ ਤੋਂ ਵੱਧ 5000 ਸ਼ਰਧਾਲੂਆਂ ਦੇ ਹੀ ਜਾਣ ਦੀ ਵਿਵਸਥਾ ਹੈ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਵਲੋਂ ਲੋਕਸਭਾ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 9 ਨਵੰਬਰ, 2019 ਤੋਂ ਲੈ ਕੇ 31 ਜਨਵਰੀ, 2020 ਤਕ ਇਸ ਕਾਰੀਡੋਰ ਰਾਹੀਂ 44,951 ਸ਼ਰਧਾਲੂਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ ਸਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਆਖੀ ਵੱਡੀ ਗੱਲ

Anuradha

This news is Content Editor Anuradha