ਨੱਕੀਆਂ ’ਚ ਲਾਏ ਜਾ ਰਹੇ ਬਿਜਲੀ ਪ੍ਰੋਜੈਕਟ ਦਾ ਵਿਰੋਧ; ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਦੋਸ਼

08/08/2018 12:01:08 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)-ਪਿੰਡ ਨੱਕੀਆਂ ਦੇ ਵਸਨੀਕਾਂ ਨੇ  ਭਾਰੀ ਇਕੱਠ ਦੌਰਾਨ ਐਟਲਾਂਟਿਕ ਪਾਵਰ ਪ੍ਰਾਈਵੇਟ ਲਿਮਟਿਡ ਕੰਪਨੀ ਦੁਆਰਾ 300 ਕੇ. ਵੀ. ਦਾ ਇਕ ਬਿਜਲੀ ਪ੍ਰੋਜੈਕਟ ਲਗਾਉਣ ਤੇ ਉਸ ਪ੍ਰੋਜੈਕਟ ਦੇ ਨੇਡ਼ੇ ਵਾਲੀ ਜ਼ਮੀਨ, ਜਿਸ ਦੇ ਮਾਲਕ ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਅਸੋਕ ਕੁਮਾਰ, ਹਰਬੰਸ ਲਾਲ, ਅੰਮ੍ਰਿਤ ਲਾਲ, ਰਾਜ ਕੁਮਾਰ ਆਦਿ ਹਨ, ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਹੈ। ਪਿੰਡ ਵਾਸੀਅਾਂ ਨੇ ਦੱਸਿਆ ਕਿ ਜਦੋਂ ਉਕਤ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਲੱਗੇ ਸੀ ਤਾਂ ਉਦੋਂ ਕੰਪਨੀ ਦੇ ਅਧਿਕਾਰੀਅਾਂ ਨੇ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣਾ ਕੰਮ ਪਿੰਡ ਵਾਸੀਅਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਲੈਣ ਮਗਰੋਂ ਕੀਤਾ ਜਾਵੇਗਾ ਪਰ  ਅਜਿਹਾ  ਨਹੀਂ  ਹੋਇਆ। ਉਨ੍ਹਾਂ  ਦੱਸਿਆ ਕਿ ਪ੍ਰੋਜੈਕਟ ਵਾਲੇ ਮਾਲਕਾਂ ਦੀ ਜ਼ਮੀਨ ਉੱਤੇ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਸੁਖਦੇਵ ਵਿਚ ਸਿੰਘ ਦੀ ਸਾਰੀ ਜ਼ਮੀਨ 3 ਕਨਾਲ 8 ਮਰਲੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਹੈ। ਪਿੰਡ ਵਾਸੀਆਂ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਤੇ ਐੱਸ.ਡੀ.ਐੱਮ ਆਨੰਦਪੁਰ ਸਾਹਿਬ  ਤੋਂ ਮੰਗ ਕੀਤੀ ਕਿ ਸਾਨੂੰ  ਇਨਸਾਫ ਦਿਵਾਇਆ ਜਾਵੇ  ਤੇ  ਬਿਜਲੀ ਬੋਰਡ ਦੀ ਜ਼ਮੀਨ ਵਿਚ ਉਕਤ ਪ੍ਰੋਜੈਕਟ ਲਗਾਇਆ ਜਾਵੇ। 
ਪਹਿਲਾਂ ਵੀ ਉਜਾੜੇ ਦਾ ਸ਼ਿਕਾਰ ਹੋ ਚੁੱਕੇ ਨੇ ਗਰੀਬ ਕਿਸਾਨ
ਜ਼ਿਕਰਯੋਗ ਹੈ  ਕਿ  ਪਿੰਡ ਨੱਕੀਆਂ ਦੇ ਵਸਨੀਕ ਪਹਿਲਾਂ ਹੀ ਆਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਕਾਰਨ ਉਜਾਡ਼ੇ ਦਾ ਸ਼ਿਕਾਰ ਹੋ ਚੁੱਕੇ ਹਨ। ਕਿਉਂਕਿ ਇਹ ਪਾਵਰ ਹਾਊਸ ਬਣਾਉਣ ਸਮੇਂ ਇਨ੍ਹਾਂ ਮਾਲਕਾ ਦੀ ਜ਼ਮੀਨ ਇਕਵਾਇਰ ਕੀਤੀ ਗਈ ਸੀ, ਉਸ ਸਮੇਂ ਲਿਖਤੀ ਤੌਰ ’ਤੇ ਉਜਡ਼ੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ  ਪਰ ਕਿਸੇ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਜਦਕਿ  ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਸਰਕਾਰ ਨੇ ਕੋਡੀਆਂ ਦੇ ਭਾਅ ਧੱਕੇ ਨਾਲ ਪ੍ਰਾਪਤ ਕੀਤੀਅਾਂ।   ਉਜਾਡ਼ੇ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵਿਚ ਆਏ ਵਿਜੇ ਕੁਮਾਰ ਸ਼ਰਮਾ, ਸੁਦਰਸ਼ਨ ਸ਼ਰਮਾ ਸਮੇਤ ਹੋਰ ਮੋਹਤਬਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਵਾਸੀਆਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਜਾਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੂੁਰਾ ਪਿੰਡ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇਗਾ। 
ਪਾਵਰਕਾਮ  ਦੀ  ਜ਼ਮੀਨ ’ਤੇ ਹੀ ਲਾਇਆ ਜਾ ਰਿਹੈ ਪ੍ਰੋਜੈਕਟ, ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ  : ਮੁੱਖ ਨਿਗਰਾਨ
ਇਸ ਬਾਰੇ ਹਰਮੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਾਵਰਕਾਮ ਨੇ ਜਿਹੜੀ ਜ਼ਮੀਨ ਪ੍ਰੋਜੈਕਟ ਲਗਾਉਣ ਲਈ ਦਿੱਤੀ ਹੈ, ਉਸ ’ਤੇ ਹੀ ਕੰਪਨੀ ਆਪਣਾ ਪ੍ਰੋਜੈਕਟ ਲਗਾ ਰਹੀ ਹੈ। ਪਿੰਡ ਵਾਲਿਆਂ ਦੀ ਕੋਈ ਜ਼ਮੀਨ ਧੱੱਕੇ ਨਾਲ ਨਹੀਂ ਦੱਬੀ ਜਾ ਰਹੀ ਹੈ। ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਪਾਵਰਕਾਮ ਤੇ ਲੋਕ ਨਿਰਮਾਣ ਵਿਭਾਗ ਪਾਸ ਆਪਣਾ ਇਤਰਾਜ਼ ਪ੍ਰਗਟ ਕਰ ਸਕਦਾ ਹੈ। ਬਾਕੀ ਜਿਹਡ਼ਾ ਪਿੰਡ ਦੇ ਲੋਕਾਂ ਨਾਲ ਪ੍ਰੋਜੈਕਟ ਲਗਾਉਣ ਤੋਂ ਪਹਿਲਾਂ ਨੌਕਰੀ ਦੇਣ ਤੇ ਹੋਰ ਵਾਅਦਾ ਕੀਤਾ ਸੀ, ਉਸ ਨੂੰ ਪੁੂਰਾ ਕਰਨ ਲਈ ਉਹ ਪਾਬੰਦ ਹਨ।