ਸ਼ਹਿਰ ਦੀਆਂ ਪਾਸ਼ ਕਾਲੋਨੀਆਂ ''ਚ ਵਿਕ ਰਿਹੈ ਨਸ਼ਾ, ਪੁਲਸ ਖਾਮੋਸ਼

01/10/2020 11:35:31 AM

ਮੋਗਾ (ਸੰਜੀਵ): ਨਸ਼ਿਆਂ ਦੇ ਸੌਦਾਗਰਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਪੇਟ 'ਚ ਲੈਣ ਲਈ ਨਵੇਂ ਤਰੀਕੇ ਲੱਭ ਲਏ ਹਨ। ਇਸ ਲਈ ਕੈਮਿਸਟ ਸਟੋਰਾਂ ਤੋਂ ਇਲਾਵਾ ਘਰਾਂ 'ਚ ਵੀ ਨਸ਼ਾ ਵਿਕ ਰਿਹਾ ਹੈ। ਪੁਲਸ ਚਾਹੇ ਘਰ-ਘਰ ਨਸ਼ਾ ਵਿਕਣ ਦੀ ਗੱਲ ਤੋਂ ਮਨਾਹੀ ਕਰ ਰਹੀ ਹੈ ਪਰ ਸ਼ਹਿਰ 'ਚ ਕਈ ਅਜਿਹੀਆਂ ਜਗ੍ਹਾ ਹਨ ਜਿਥੇ ਨਸ਼ਾ ਘਰਾਂ 'ਚ ਵੇਚਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੱਕ ਮੈਡੀਕਲ ਸਟੋਰਾਂ 'ਤੇ ਨਸ਼ੇ ਵਾਲੀਆਂ ਦਵਾਈਆਂ ਵੇਚੀਆਂ ਜਾਂਦੀਆਂ ਸਨ ਪਰ ਹੁਣ ਨਸ਼ਿਆਂ ਲਈ ਘਰਾਂ 'ਚ ਹੀ ਅੱਡੇ ਨਸ਼ੇ ਦੇ ਸੌਦਾਗਰਾਂ ਨੇ ਬਣਾ ਲਏ ਹਨ। ਅਜਿਹੇ ਅੱਡੇ ਸਿਰਫ ਛੋਟੇ ਮੁਹੱਲਿਆਂ 'ਚ ਹੀ ਨਹੀਂ ਸਗੋਂ ਪਾਸ਼ ਕਾਲੋਨੀਆਂ 'ਚ ਵੀ ਚੱਲ ਰਹੇ ਹਨ। ਪੁਲਸ ਅਨੁਸਾਰ 6 ਮਹੀਨਿਆਂ 'ਚ 170 ਤੋਂ ਵੀ ਜ਼ਿਆਦਾ ਮਾਮਲੇ ਨਸ਼ੇ ਦੇ ਦਰਜ ਕੀਤੇ ਜਾ ਚੁੱਕੇ ਹਨ। ਬੇਸ਼ੱਕ ਪੁਲਸ ਨਸ਼ੇ ਦੀ ਸਪਲਾਈ ਦੇ ਮੁੱਦੇ 'ਤੇ ਕਾਰਵਾਈ ਦਿਖਾਉਂਦੀ ਹੈ ਪਰ ਇਸ ਦੇ ਬਾਵਜੂਦ ਆਲਮ ਕੁਝ ਅਜਿਹਾ ਹੈ ਕਿ ਇਸ ਕਾਰਵਾਈ ਦੇ ਬਾਅਦ ਵੀ ਨਸ਼ਾ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕਿਆ। ਸ਼ਹਿਰ ਦੀਆਂ ਪਾਸ਼ ਕਾਲੋਨੀਆਂ ਦੇ ਕੁਝ ਵੱਡੇ ਘਰਾਂ 'ਚ ਚੱਲ ਰਹੇ ਨਸ਼ੇ ਦੇ ਅੱਡਿਆਂ 'ਤੇ ਨੌਜਵਾਨਾਂ ਦੀ ਭੀੜ ਦਿਖਣ ਲੱਗੀ ਹੈ। ਇਥੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਉਥੇ ਹੀ ਬੈਠ ਕੇ ਨਸ਼ਾ ਕਰਨ ਦੀ ਛੋਟ ਵੀ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਇਹ ਨਸ਼ੇ ਵਾਲੇ ਪਦਾਰਥ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਹੋਰ ਪ੍ਰਦੇਸ਼ਾਂ ਤੋਂ ਲਿਆਇਆ ਜਾਂਦਾ ਹੈ। ਇਹ ਸਾਰੀ ਖੇਡ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਹੀ ਹੈ। ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਇਕ ਵਿਅਕਤੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਨਸ਼ਿਆਂ ਦੀ ਦਵਾਈ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ 'ਤੇ ਆਮ ਦਵਾਈਆਂ ਵਾਂਗ ਵੇਚੀਆਂ ਜਾ ਰਹੀਆਂ ਹਨ। ਮੈਡੀਕਲ ਸਟੋਰ ਵਾਲੇ ਇਸ ਦਾ ਰੇਟ ਦੁੱਗਣਾ ਲੈ ਰਹੇ ਹਨ, ਉਥੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ 'ਚ ਧੱਕ ਰਹੀ ਹੈ। ਮੁਨਸਫ਼ ਸਿੰਘ ਸ਼ਹਿਰ ਨਿਵਾਸੀ ਅਤੇ ਜਜ ਸਿੰਘ ਨੇ ਦੱਸਿਆ ਕਿ ਕਈ ਮੈਡੀਕਲ ਸਟੋਰ ਨਸ਼ੇ ਵਾਲੀਆਂ ਦਵਾਈਆਂ ਵੇਚ ਰਹੇ ਹਨ। ਸਵੇਰੇ ਇਨ੍ਹਾਂ ਦੇ ਸ਼ਟਰ ਖੁੱਲ੍ਹਣ ਤੋਂ ਪਹਿਲਾਂ ਹੀ ਇਥੇ ਨਸ਼ੇੜੀ ਆ ਜਾਂਦੇ ਹਨ, ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪੁਲਸ ਨੂੰ ਚਾਹੀਦਾ ਹੈ ਕਿ ਸਖ਼ਤ ਕਾਰਵਾਈ ਕਰੇ ਤਾਂ ਕਿ ਸ਼ਹਿਰ 'ਚ ਕੋਈ ਨਸ਼ਾ ਨਾ ਵੇਚ ਸਕੇ।

ਸਖਤੀ ਦਿਖਾਵੇ ਪੁਲਸ : ਰਾਜੀਵ
ਸ਼ਹਿਰ ਵਾਸੀ ਰਾਜੀਵ ਕੁਮਾਰ ਨੇ ਕਿਹਾ ਕਿ ਕਈ ਪਾਸ਼ ਕਾਲੋਨੀਆਂ 'ਚ ਇਹ ਨਸ਼ੇ ਦੇ ਅੱਡੇ ਚੱਲ ਰਹੇ ਹਨ। ਜੇਕਰ ਇਨ੍ਹਾਂ ਅੱਡਿਆਂ 'ਤੇ ਪੁਲਸ ਨੇ ਨਕੇਲ ਨਹੀਂ ਕੱਸੀ ਤਾਂ ਆਉਣ ਵਾਲੇ ਸਮੇਂ 'ਚ ਭਾਰੀ ਗਿਣਤੀ ਅੰਦਰ ਨੌਜਵਾਨ ਨਸ਼ੇ ਦੀ ਲਪੇਟ 'ਚ ਆ ਜਾਣਗੇ। ਪੁਲਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।

ਨਸ਼ਿਆਂ ਨਾਲ ਸਰੀਰ ਨੂੰ ਹੁੰਦੈ ਨੁਕਸਾਨ
ਹਰਿੰਦਰਪਾਲ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਸੇਵਨ ਇਕ ਸਮਾਜਕ ਅਤੇ ਮਨੋਵਿਗਿਆਨਕ ਸਮੱਸਿਆ ਹੈ। ਨਸ਼ੇ ਦੀ ਭੈੜੀ ਆਦਤ ਕਾਰਣ ਭੁੱਖ ਨਾ ਲੱਗਣਾ, ਭਾਰ ਘੱਟ ਹੋਣਾ, ਡਿਪ੍ਰੈਸ਼ਨ, ਚਿੜਚਿੜਾਪਨ ਆਦਿ ਨੁਕਸਾਨ ਸਰੀਰ ਨੂੰ ਹੁੰਦੇ ਹਨ। ਪੁਲਸ ਬਿਨਾਂ ਡਰੱਗ ਅਧਿਕਾਰੀਆਂ ਦੇ ਮੈਡੀਕਲ ਸਟੋਰ ਵਿਰੁੱਧ ਕੁਝ ਨਹੀਂ ਕਰ ਸਕਦੀ ਪਰ ਫਿਰ ਵੀ ਕਰਮਚਾਰੀਆਂ ਨੂੰ ਉਕਤ ਮਾਮਲੇ 'ਚ ਲਗਾਤਾਰ ਛਾਪੇਮਾਰੀ ਅਤੇ ਨਾਕਾਬੰਦੀ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ, ਉਥੇ ਹੀ ਘਰਾਂ 'ਚ ਖੁੱਲ੍ਹੀਆਂ ਦੁਕਾਨਾਂ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਪਰ ਜਨਤਾ ਦੇ ਸਹਿਯੋਗ ਤੋਂ ਬਿਨਾਂ ਨਸ਼ੇ ਨੂੰ ਰੋਕਣ 'ਚ ਕਾਫ਼ੀ ਮੁਸ਼ਕਲ ਪੇਸ਼ ਆ ਰਹੀ ਹੈ। ਜੇਕਰ ਲੋਕ ਵੀ ਸਹਿਯੋਗ ਦੇਣ ਤਾਂ ਪੁਲਸ ਬਿਹਤਰ ਕੰਮ ਕਰ ਸਕੇਗੀ।

Shyna

This news is Content Editor Shyna