ਪੌਂਗ ਡੈਮ ’ਚ ਪਾਣੀ ਦਾ ਪੱਧਰ ਘਟਿਆ, ਬੀ. ਬੀ. ਐੱਮ. ਬੀ. ਨਹੀਂ ਛੱਡੇਗਾ ਪਾਣੀ

09/04/2019 8:29:42 PM

ਹੁਸ਼ਿਆਰਪੁਰ, (ਘੁੰਮਣ)-ਬੀ. ਬੀ. ਐੱਮ. ਬੀ. (ਭਾਖਡ਼ਾ-ਬਿਆਸ ਮੈਨੇਜਮੈਂਟ ਬੋਰਡ) ਵੱਲੋਂ ਜੋ ਬੀਤੇ ਦਿਨੀਂ ਪੌਂਗ ਡੈਮ ਵਿਚੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਸੀ, ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 4 ਸਤੰਬਰ ਨੂੰ ਪੌਂਗ ਡੈਮ ਤਲਵਾਡ਼ਾ ਦੇ ਪਾਣੀ ਦਾ ਪੱਧਰ 1386.16 ਫੁੱਟ ਹੈ, ਜਦਕਿ ਡੈਮ ਵਿਚ ਆਉਣ ਵਾਲੇ ਪਾਣੀ ਦੀ ਮਾਤਰਾ 18082 ਕਿਊਸਿਕ ਹੈ ਅਤੇ ਆਊਟਫਲੋਅ 12174 ਕਿਊਸਿਕ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਾਲੋਂ ਵੀ ਪਾਣੀ ਦਾ ਪੱਧਰ ਹੋਰ ਘਟਿਆ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ। ਪਾਣੀ ਦਾ ਪੱਧਰ ਇਸੇ ਤਰ੍ਹਾਂ ਹੀ ਰਿਹਾ ਤਾਂ ਭਾਖਡ਼ਾ-ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਾਣੀ ਨਹੀਂ ਛੱਡਿਆ ਜਾਵੇਗਾ।

ਸ਼੍ਰੀਮਤੀ ਕਾਲੀਆ ਨੇ ਦੱਸਿਆ ਕਿ ਉਹ ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਕੋਲੋਂ ਲਗਾਤਾਰ ਪੌਂਗ ਡੈਮ ਦੇ ਹਾਲਾਤ ਦੀ ਜਾਣਕਾਰੀ ਲੈ ਰਹੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਪਾਣੀ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਬੀ. ਬੀ. ਐੱਮ. ਬੀ. ਵੱਲੋਂ ਪੌਂਗ ਡੈਮ ਵਿਚੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ 14 ਹਜ਼ਾਰ ਕਿਊਸਿਕ ਪਾਣੀ ਸਪਿਲ ਵੇਅ ਰਾਹੀਂ ਛੱਡਿਆ ਜਾਣਾ ਸੀ ਅਤੇ 12 ਹਜ਼ਾਰ ਕਿਊਸਿਕ ਪਾਣੀ ਟਰਬਾਈਨ ਰਾਹੀਂ ਛੱਡਿਆ ਜਾਣਾ ਸੀ। ਅੱਜ ਦੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਨਾਲ ਸਥਿਤੀ ਸਪੱਸ਼ਟ ਹੋ ਗਈ ਹੈ ਕਿ ਫਿਲਹਾਲ ਪਾਣੀ ਨਹੀਂ ਛੱਡਿਆ ਜਾਵੇਗਾ। ਭਾਵੇਂ ਜ਼ਿਲੇ ਵਿਚ ਹਡ਼੍ਹਾਂ ਵਰਗੇ ਹਾਲਾਤ ਨਹੀਂ ਹਨ ਪਰ ਪ੍ਰਸ਼ਾਸਨ ਵੱਲੋਂ ਹਡ਼੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ।

Arun chopra

This news is Content Editor Arun chopra