ਟਰੂਡੋ ਦੇ ਭਾਰਤ ਦੌਰੇ ''ਤੇ ਕੈਨੇਡਾ ਅਤੇ ਪੰਜਾਬ ''ਚ ਸਿਆਸਤ

02/18/2018 4:13:53 AM

ਜਲੰਧਰ (ਨਰੇਸ਼ ਕੁਮਾਰ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਲੈ ਕੇ ਪੰਜਾਬ ਤੇ ਕੈਨੇਡਾ ਦੋਵੇਂ ਥਾਵਾਂ 'ਤੇ ਸਿਆਸਤ ਗਰਮਾਈ ਹੋਈ ਹੈ। ਸਿਆਸਤ ਦੀ ਇਸ ਗਰਮੀ ਕਾਰਨ ਭਾਰਤੀ ਮੂਲ ਦੀਆਂ ਸ਼ਖਸੀਅਤਾਂ ਦਾ ਕੈਨੇਡਾ ਦੀ ਸਿਆਸਤ 'ਚ ਡੂੰਘਾ ਦਖਲ ਹੋਣਾ ਵੀ ਜ਼ਿੰਮੇਵਾਰ ਹੈ।
ਕੈਨੇਡਾ 'ਚ ਅਕਤੂਬਰ 2015 'ਚ ਹੋਈਆਂ ਆਮ ਚੋਣ 'ਚ 40 ਦੇ ਕਰੀਬ ਭਾਰਤੀ ਮੂਲ ਦੀਆਂ ਸ਼ਖਸੀਅਤਾਂ ਮੈਦਾਨ 'ਚ ਉਤਰੀਆਂ ਸਨ। ਇਨ੍ਹਾਂ 'ਚੋਂ ਭਾਰਤੀ ਮੂਲ ਦੇ 19 ਵਿਅਕਤੀ ਸੰਸਦ ਮੈਂਬਰ ਚੁਣੇ ਗਏ। ਜਿਹੜੇ ਭਾਰਤੀ ਸੰਸਦ ਚੁਣੇ ਗਏ ਹਨ ਉਨ੍ਹਾਂ ਦੇ ਨਾਂ ਹਨ, ਸੁੱਖ ਧਾਲੀਵਾਲ, ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ, ਰੂਬੀ ਸਹੋਤਾ, ਰਮੇਸ਼ ਸੰਘਾ, ਕਮਲ ਖਹਿਰਾ, ਰਾਜ ਗਰੇਵਾਲ, ਗਗਨ ਸਿਕੰਦ, ਅੰਜੂ ਢਿੱਲੋਂ, ਬਰਦਿਸ਼ ਚੱਗਰ, ਦਰਸ਼ਨ ਸਿੰਘ ਕੰਗ, ਰਣਦੀਪ ਸਿੰਘ ਸਰਾਏ, ਰਾਜ ਸੈਣੀ, ਬਾਬ ਸਰੋਆ, ਅਮਰਜੀਤ ਸੋਹੀ, ਚੰਦਰਾ ਆਰਿਆ, ਜਤੀ ਸਿੱਧੂ ਤੇ ਦੀਪਕ ਓਬਰਾਏ। ਇਨ੍ਹਾਂ 19 ਸੰਸਦ ਮੈਂਬਰਾਂ 'ਚੋਂ 4 ਸੰਸਦ ਮੈਂਬਰਾਂ ਨੂੰ ਜਸਟਿਨ ਟਰੂਡੋ ਦੀ ਸਰਕਾਰ 'ਚ ਮੰਤਰੀ ਦਾ ਅਹੁਦਾ ਮਿਲਿਆ ਹੈ।

ਭਾਰਤੀ ਮੂਲ ਦੇ 4 ਮੰਤਰੀ

ਜਸਟਿਨ ਟਰੂਡੋ ਨੇ ਆਪਣੀ ਸਰਕਾਰ 'ਚ ਭਾਰਤੀ ਮੂਲ ਦੇ 4 ਸੰਸਦ ਮੈਂਬਰਾਂ ਨੂੰ ਬਤੌਰ ਮੰਤਰੀ ਜਗ੍ਹਾ ਦਿੱਤੀ ਹੈ। ਇਨ੍ਹਾਂ 'ਚੋਂ ਹਰਜੀਤ ਸਿੰਘ ਸੱਜਣ ਡਿਫੈਂਸ ਮੰਤਰੀ ਬਣਾਏ ਗਏ ਹਨ ਜਦਕਿ ਨਵਦੀਪ ਬੈਂਸ, ਬਰਦਿਸ਼ ਚੱਗਰ, ਅਮਰਜੀਤ ਸੋਹੀ ਨੂੰ ਵੀ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ ਸੀ।

ਪੰਜਾਬ 'ਚ ਵੀ ਸਿਆਸਤ
ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਲੈ ਕੇ ਪੰਜਾਬ 'ਚ ਸਿਆਸਤ ਕਰੀਬ ਇਕ ਮਹੀਨਾ ਪਹਿਲਾਂ ਹੀ ਗਰਮਾ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਟਰੂਡੋ ਦੀ ਕੈਬਨਿਟ ਦੇ ਮੈਂਬਰ ਹਰਜੀਤ ਸਿੰਘ ਸੱਜਣ ਦਾ ਖਾਲਿਸਤਾਨੀ ਸਮਰਥਕਾਂ ਪ੍ਰਤੀ ਨਰਮ ਰੁੱਖ ਹੋਣ ਦਾ ਹਵਾਲਾ ਦੇ ਕੇ ਭਾਰਤ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।  
ਇਸ ਦੇ ਬਾਅਦ ਅਮਰਜੀਤ ਸੋਹੀ ਅਤੇ ਹਰਜੀਤ ਸਿੰਘ ਸੱਜਣ ਵਲੋਂ ਖਾਲਿਸਤਾਨੀਆਂ ਦਾ ਸਮਰਥਨ ਨਾ ਕੀਤੇ ਜਾਣ ਦੇ ਬਿਆਨ ਦਾ ਵੀ ਕੈਪਟਨ ਵਲੋਂ ਸਵਾਗਤ ਕੀਤਾ ਗਿਆ। ਹਾਲਾਂਕਿ ਇਸ ਵਿਚ ਕੈਪਟਨ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਨੂੰ ਮਿਲਣ 'ਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਟਰੂਡੋ 21 ਫਰਵਰੀ ਨੂੰ ਪੰਜਾਬ ਦੇ ਦੌਰੇ 'ਤੇ ਹੋਣਗੇ ਅਤੇ ਇਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਵੀ ਜਾਣਗੇ ਪਰ ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਵੀ ਸਪੱਸ਼ਟ ਕੀਤਾ ਗਿਆ ਕਿ ਭਾਰਤ ਦੇ ਦੌਰੇ ਦੌਰਾਨ ਜਸਟਿਨ ਟਰੂਡੋ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਦੇ ਬਾਵਜੂਦ ਟਰੂਡੋ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਹੋਣ ਨੂੰ ਲੈ ਕੇ ਦੁਵਿਧਾ ਬਰਕਰਾਰ ਹੈ।