ਪੁਲਸ ਡਰੋਂ 3 ਨੌਜਵਾਨਾਂ ਨੇ ਚੱਲਦੀ ਗੱਡੀ 'ਚੋਂ ਮਾਰੀਆਂ ਛਾਲਾਂ, ਦੋ ਦੀ ਮੌਤ (ਤਸਵੀਰਾਂ)

11/17/2017 7:53:45 PM

ਬੁਢਲਾਡਾ (ਬਾਂਸਲ) : ਤਿੰਨ ਨੌਜਵਾਨਾਂ ਵੱਲੋਂ ਹਾਵੜਾ ਐਕਸਪ੍ਰ੍ਰੈੱਸ ਮੇਲ ਗੱਡੀ ਵਿਚੋਂ ਛਾਲ ਮਾਰਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਆਪਣੇ ਨਿਰਧਾਰਿਤ ਸਮੇਂ ਤੋਂ 12 ਘੰਟੇ ਪੱਛੜ ਕੇ ਚੱਲੀ ਦਿੱਲੀ ਤੋਂ ਸ਼੍ਰੀ ਗੰਗਾ ਨਗਰ ਆਭਾ ਐਕਸਪ੍ਰੈੱਸ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਬੁਢਲਾਡਾ ਰੇਲਵੇ ਸਟੇਸ਼ਨ ਤੋਂ ਪਹਿਲਾ ਪਿੰਡ ਦਰੀਆਪੁਰ ਖੁਰਦ ਦੇ ਕੋਲ ਪੁਲਸ ਦੇ ਡਰ ਕਾਰਨ ਅਚਾਨਕ ਚੱਲਦੀ ਗੱਡੀ ਵਿਚੋਂ ਛਾਲਾਂ ਮਾਰ ਦਿੱਤੀਆਂ। ਜਿਸ ਤੋਂ ਫੋਰੀ ਤੌਰ 'ਤੇ ਨਜ਼ਦੀਕ ਖੇਤਾਂ ਵਿਚ ਕੰਮ ਕਰਦੇ ਲੋਕਾਂ ਵੱਲੋਂ ਤਿੰਨਾਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਬਾਗੀ ਸਿੰਘ (22 ਸਾਲ) ਪੁੱਤਰ ਪ੍ਰੇਮ ਸਿੰਘ ਵਾਸੀ ਬੀੜ (ਬਠਿੰਡਾ) ਅਤੇ ਦੀਪੂ ਸਿੰਘ (23 ਸਾਲ) ਵਾਸੀ ਘੁੱਦਾ (ਬਠਿੰਡਾ) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜ਼ਖਮੀ ਗੁਰਪ੍ਰੀਤ ਸਿੰਘ ਨਾਲ ਗੱਲ ਕਰਨ 'ਤੇ ਉਸ ਨੇ ਦੱਸਿਆ ਕਿ ਅਸੀਂ ਤਿੰਨ ਦੋਸਤ ਦਿੱਲੀ ਤੋਂ ਆਪਣੇ ਘਰ ਬਠਿੰਡਾ ਜਾ ਰਹੇ ਸੀ ਕਿ ਬਰੇਟਾ ਰੇਲਵੇ ਸਟੇਸ਼ਨ ਤੋਂ ਤਿੰਨ ਪੁਲਸ ਮੁਲਾਜ਼ਮ ਜੋ ਬਿਨਾਂ ਵਰਦੀ ਤੋਂ ਸਨ ਨੇ ਸਾਨੂੰ ਨਸ਼ੇ ਵਿਚ ਦੇਖ ਕੇ ਕਿਹਾ ਕਿ ਤੁਹਾਡੇ ਕੋਲ ਜੋ ਕੁਝ ਹੈ ਕੱਢ ਦਿਓ। ਤਲਾਸ਼ੀ ਦੌਰਾਨ ਸਾਡੇ ਕੋਲੋਂ ਕੋਈ ਵੀ ਨਸ਼ੀਲੀ ਵਸਤੂ ਨਹੀਂ ਨਿਕਲੀ ਪਰ ਮੁਲਾਜ਼ਮਾ ਨੇ ਸਾਡੀ ਕੁੱਟਮਾਰ ਕਰਦੇ ਹੋਏ ਡਰਾਉਂਦਿਆਂ ਕਿਹਾ ਕਿ ਤੁਸੀਂ ਗੱਡੀ ਵਿਚੋਂ ਥੱਲੇ ਉਤਰ ਜਾਓ। ਜਿਸ ਕਾਰਨ ਮੈਂ ਅਤੇ ਮੇਰੇ ਦੋਸਤਾਂ ਨੇ ਚੱਲਦੀ ਗੱਡੀ ਵਿਚੋਂ ਛਾਲਾਂ ਮਾਰ ਦਿੱਤੀਆਂ।
ਰੇਲਵੇ ਪੁਲਸ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਤਿੰਨੇ ਨੌਜਵਾਨ ਨਸ਼ੇ ਵਿਚ ਸਨ। ਅਗਲੇ ਸਟੇਸ਼ਨ 'ਤੇ ਚੈਕਿੰਗ ਤੋਂ ਡਰਦਿਆਂ ਇਨ੍ਹਾਂ ਨੇ ਪਹਿਲਾਂ ਹੀ ਛਾਲ ਮਾਰ ਦਿੱਤੀ। ਹੋ ਸਕਦਾ ਹੈ ਇਨ੍ਹਾਂ ਕੋਲ ਕੋਈ ਨਸ਼ੀਲਾ ਪਦਾਰਥ ਹੋਵੇ ਜਿਸ ਕਾਰਨ ਇਨ੍ਹਾਂ ਨੇ ਗੱਡੀ ਵਿਚੋਂ ਛਾਲ ਮਾਰ ਦਿੱਤੀ। ਪੁਲਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।