ਗੈਂਗਸਟਰ ਸਣੇ 3 ਕੈਦੀਆਂ ਨੂੰ ਜੇਲ ਲਿਜਾ ਰਹੀ ਪੁਲਸ ਵੈਨ ਕਾਰ ਨਾਲ ਟਕਰਾਈ

03/22/2018 7:07:49 AM

ਫਗਵਾੜਾ, (ਜਲੋਟਾ, ਹਰਜੋਤ)- ਫਗਵਾੜਾ ਦੇ ਪਿੰਡ ਚਹੇੜੂ ਦੇ ਨਜ਼ਦੀਕ ਪੁਲਸ ਵੈਨ ਜਿਸ ਵਿਚ ਇਕ ਨਾਮੀ ਗੈਂਗਸਟਰ ਸਣੇ ਕੁਲ 3 ਵਿਚਾਰਾਧੀਨ ਕੈਦੀ ਪੁਲਸ ਗਾਰਦ ਸਮੇਤ ਮੌਜੂਦ ਸਨ, ਨੂੰ ਇਕ ਤੇਜ਼ ਰਫ਼ਤਾਰ ਵਿਚ ਆ ਰਹੀ ਜ਼ੈੱਨ ਕਾਰ ਵੱਲੋਂ ਟੱਕਰ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਮਾਮਲੇ ਨੂੰ ਲੈ ਕੇ ਪੁਲਸ ਚੌਕੀ ਚਹੇੜੂ ਦੇ ਪੁਲਸ ਅਧਿਕਾਰੀ ਦੀ ਦਲੀਲ਼ ਹੈ ਕਿ ਉਕਤ ਘਟਨਾ ਸਿਰਫ਼ ਹਾਦਸਾ ਹੀ ਰਹੀ ਹੈ ਪਰ ਪੁਲਸ ਨੇ ਜ਼ੈੱਨ ਕਾਰ ਚਾਲਕ ਅਤੇ ਉਸਦੇ ਨਾਲ ਕਾਰ ਵਿਚ ਉਸ ਸਮੇਂ ਮੌਜੂਦ ਇਕ ਹੋਰ ਨੌਜਵਾਨ ਨੂੰ ਕਾਬੂ ਕਰ ਲਿਆ ਹੈ । ਉਸਨੇ ਦੱਸਿਆ ਕਿ ਉਕਤ ਗੈਂਗਸਟਰ ਸਣੇ 3 ਕੈਦੀਆਂ ਨੂੰ ਲੁਧਿਆਣਾ ਤੋਂ ਪੁਲਸ ਟੀਮ ਕਪੂਰਥਲਾ ਦੇ ਮਾਰਡਨ ਜੇਲ ਵਿਚ ਲੈ ਕੇ ਜਾ ਰਹੀ ਸੀ ਕਿ ਫਗਵਾੜਾ ਦੇ ਪਿੰਡ ਚਹੇੜੂ ਲਾਗੇ ਜ਼ੈੱਨ ਕਾਰ ਦੇ ਡਰਾਈਵਰ ਨੇ ਕਥਿਤ ਤੌਰ 'ਤੇ ਪੁਲਸ ਵੈਨ ਨੂੰ ਟੱਕਰ ਮਾਰ ਕੇ ਆਪਣੀ ਕਾਰ ਉਸਦੇ ਅੱਗੇ ਲਗਾ ਦਿੱਤੀ ਅਤੇ ਵੈਨ 'ਚ ਸਵਾਰ ਇਕ ਸਹਾਇਕ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਦੋਨਾਂ ਵਿਚ ਵਿਵਾਦ ਵੱਧ ਗਿਆ, ਜਿਸਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਚੌਕੀ ਚਹੇੜੂ ਦੀ ਟੀਮ ਨੇ ਉਕਤ ਜ਼ੈੱਨ ਕਾਰ ਚਾਲਕ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਅਤੇ ਦੋਵਾਂ ਨੂੰ ਪੁਲਸ ਚੌਕੀ ਚਹੇੜੂ ਵਿਖੇ ਲਿਆਂਦਾ ਗਿਆ। 
ਉੱਧਰ ਦੂਜੇ ਪਾਸੇ ਵਿਵਾਦ ਵਿਚ ਸ਼ਾਮਲ ਜ਼ੈੱਨ ਕਾਰ ਚਾਲਕ ਦਾ ਇਲਜ਼ਾਮ ਹੈ ਕਿ ਪੁਲਸ ਵੈਨ ਦਾ ਚਾਲਕ ਬੇਹੱਦ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸੇ ਕਾਰਨ ਉਸਦੀ ਕਾਰ ਦੀ ਵੈਨ ਨਾਲ ਟੱਕਰ ਹੋਈ ਹੈ । ਘਟਨਾ ਸਥਲ ਪੁੱਜੀ ਪੁਲਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਉਲਟਾ ਉਨ੍ਹਾਂ ਨੂੰ ਮੌਕੇ ਤੋਂ ਫੜਕੇ ਪੁਲਸ ਚੌਕੀ ਚਹੇੜੂ ਲਿਆ ਕੇ ਬੰਦ ਕਰ ਦਿੱਤਾ ਹੈ । ਖਬਰ ਲਿਖੇ ਜਾਣ ਤਕ ਪੁਲਸ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ । ਹਾਲਾਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਦੇ ਖਿਲਾਫ ਵਿਵਾਦ ਵਿਚ ਸ਼ਾਮਿਲ ਸਹਾਇਕ ਸਬ ਇੰਸਪੈਕਟਰ ਦੇ ਬਿਆਨ 'ਤੇ ਪੁਲਸ ਡਿਊਟੀ ਵਿਚ ਖਲਲ ਪਾ ਉਸਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ 'ਚ ਪੁਲਸ ਕੇਸ ਛੇਤੀ ਦਰਜ ਹੋ ਰਿਹਾ ਹੈ । ਪੁਲਸ ਨੇ ਸਬੰਧਿਤ ਨੌਜਵਾਨਾਂ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੱਤਾ ਹੈ। ਮਾਮਲਾ ਖਾਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।