ਨੂੰਹ-ਸੱਸ ਦੀ ਹੋਈ ਮਾਮੂਲੀ ਤੂੰ-ਤੂੰ-ਮੈਂ-ਮੈਂ ਨੂੰ ਥਾਣਾ ਮੋਤੀ ਨਗਰ ਨੇ ਬਣਾ ਦਿੱਤਾ ਵੱਡਾ ਮਾਮਲਾ

03/01/2023 3:22:00 PM

ਲੁਧਿਆਣਾ (ਡੇਵਿਨ) : ਥਾਣਾ ਮੋਤੀ ਨਗਰ ਦੇ ਇਲਾਕੇ ’ਚ ਨੂੰਹ -ਸੱਸ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ-ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਮਹਿਲਾ ਦੀ ਸੱਸ ਨੇ 100 ਨੰਬਰ ’ਤੇ ਕਾਲ ਕਰ ਕੇ ਪੁਲਸ ਨੂੰ ਬੁਲਾ ਲਿਆ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਪੁਲਸ ਮਹਿਲਾ ਨੂੰ ਥਾਣੇ ਲੈ ਗਈ। ਥਾਣਾ ਮੋਤੀ ਨਗਰ ਲਿਜਾਣ ਤੋਂ ਬਾਅਦ ਆਪਣੀ ਦਾਸਤਾਨ ਦੱਸਦਿਆਂ ਮਹਿਲਾ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਨਾਲ ਏ. ਐੱਸ. ਆਈ. ਅਨਿਲ ਕੁਮਾਰ ਸਹੁਰੇ ਘਰ ’ਚੋਂ ਥਾਣੇ ਲੈ ਗਏ, ਜਿਥੇ ਇਕ ਪੇਪਰ ’ਤੇ ਸਾਈਨ ਕਰਵਾ ਲਏ ਕਿ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ ਪਰ ਉਲਟਾ ਪੁਲਸ ਨੇ ਸਹੁਰਾ ਪਰਿਵਾਰ ਦੇ ਕਹਿਣ ’ਤੇ ਮਾਮਲਾ ਦਰਜ ਕਰ ਦਿੱਤਾ ਤਾਂ ਕਿ ਪਤੀ ਮੇਰੇ ਤੋਂ ਤਲਾਕ ਲੈ ਸਕੇ। ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਜਗਦੀਪ ਸਿੰਘ ਗਿੱਲ ’ਤੇ ਦੋਸ਼ ਲਾਉਂਦਿਆਂ ਪੀੜਤਾ ਨੇ ਦੱਸਿਆ ਕਿ ਸੱਸ ਨੇ ਝਗੜੇ ਦੌਰਾਨ ਖੁਦ ਆਪਣਾ ਮੋਬਾਇਲ ਤੋੜਿਆ ਸੀ ਪਰ ਥਾਣਾ ਐੱਸ. ਐੱਚ. ਓ. ਨੇ ਮੇਰੀ ਗੱਲ ਨਾ ਸੁਣਦਿਆਂ ਮੈਨੂ ਅਪਸ਼ਬਦ ਕਹੇ ਅਤੇ ਪੇਕੇ ਘਰ ਜਾਣ ਲਈ ਕਿਹਾ ਪਰ ਜਦੋਂ ਮੈਂ ਪੇਕੇ ਘਰ ਨਾ ਜਾਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਤੈਨੂੰ ਮਹਿਲਾ ਆਸ਼ਰਮ ਵਿਚ ਛੱਡ ਦਿੰਦੇ ਹਾਂ ਜਦੋਂ ਮੈਂ ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕੀਤੇ ਕਿ ਮੈਂ ਤਾਂ ਆਪਣੇ ਸਹੁਰੇ ਘਰ ਹੀ ਜਾਣਾ ਹੈ ਤਾਂ ਉਨ੍ਹਾਂ ਕੋਲ ਬਿਠਾ ਕੇ ਕਿਹਾ ਕਿ ਨਾ ਇਹ ਘਰ ਜਾਣਗੇ, ਤੂੰ ਆਪਣੇ ਪੇਕੇ ਘਰ ਚਲੀ ਜਾ। ਉਸ ਤੋਂ ਬਾਅਦ ਮੈਂ ਆਪਣੀ 13 ਮਹੀਨਿਆਂ ਦੀ ਲੜਕੀ ਨੂੰ ਲੈ ਕੇ ਆਪਣੇ ਸਹੁਰੇ ਘਰ ਦੇ ਗੇਟ ਦੇ ਬਾਹਰ ਕਰੀਬ ਰਾਤ 2 ਵਜੇ ਤਕ ਬੈਠੀ ਰਹੀ। ਇਸ ਦੌਰਾਨ ਮੈਂ ਉਨ੍ਹਾਂ ਨੂੰ ਬਹੁਤ ਫੋਨ ਕੀਤੇ, ਜਿਸ ’ਤੇ ਉਨ੍ਹਾਂ ਨੇ ਮੇਰੀ ਇਕ ਨਾ ਸੁਣੀ ਅਤੇ ਕਹਿੰਦੇ ਰਹੇ ਆਪਣੀ ਬੱਚੀ ਨੂੰ ਲੈ ਕੇ ਮਹਿਲਾ ਆਸ਼ਰਮ ਚਲੀ ਜਾ।

ਇਹ ਵੀ ਪੜ੍ਹੋ : ਦਿੱਲੀ ਦੇ ਆਬਕਾਰੀ ਘਪਲੇ ਦੀ ਜਾਂਚ ਪੰਜਾਬ ਤੱਕ ਵਧਾਈ ਜਾਵੇ : ਮਜੀਠੀਆ

ਇਸ ਤੋਂ ਬਾਅਦ ਮੈਂ ਬੱਚੀ ਦਾ ਜ਼ਰੂਰਤ ਦਾ ਸਾਮਾਨ ਸਹੁਰੇ ਘਰ ਪਿਆ ਹੋਣ ਦੀ ਦੁਹਾਈ ਪਾਈ ਤਾਂ ਉਨ੍ਹਾਂ ਰੁੱਖੇ ਸੁਭਾਅ ਨਾਲ ਕਿਹਾ ਕਿ ਮੈਂ ਤੈਨੂੰ ਬੱਚੀ ਸਮੇਤ ਹਵਾਲਾਤ ਅੰਦਰ ਪਾ ਦੇਣਾ ਕਿਉਕਿ ਮੈਂ ਤੇਰੇ ਸਹੁਰੇ ਪਰਿਵਾਰ ਨੂੰ ਹਵਾਲਾਤ ਦੇ ਅੰਦਰ ਬੰਦ ਕਰ ਦਿੱਤਾ ਹੈ। ਜਦੋਂ ਮੈਂ ਥਾਣਾ ਮੋਤੀ ਨਗਰ ਜਾ ਕੇ ਦੇਖਿਆ ਤਾਂ ਉੱਥੇ ਮੇਰੇ ਸਹੁਰਾ ਪਰਿਵਾਰ ਅਤੇ ਪਤੀ ਵਿਚੋਂ ਕੋਈ ਵੀ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਫੋਨ ਕੀਤਾ ਕਿ ਮੇਰਾ ਪਤੀ ਤੇ ਸਹੁਰੇ ਪਰਿਵਾਰ ਵਿਚੋਂ ਕੋਈ ਵੀ ਹਵਾਲਾਤ ਅੰਦਰ ਨਹੀਂ ਹੈ ਤਾਂ ਉਹ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਉਣ ਲੱਗ ਗਏ, ਇਸ ’ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਅਪਣੇ ਪਤੀ ਤੇ ਸਹੁਰੇ ਪਰਿਵਾਰ ਨੂੰ ਸ਼ਰੇਆਮ ਬਾਹਰ ਘੁੰਮਦੇ ਦੇਖਿਆ ਹੈ ਅਤੇ ਪਰਿਵਾਰ ਸਮੇਤ ਨਿਊ ਹਰਗੋਬਿੰਦ ਨਗਰ ’ਚ ਰਹਿ ਰਹੇ ਹਨ। ਦੂਜੇ ਪਾਸੇ ਮਹਿਲਾ ਦੇ ਪਰਿਵਾਰ ਨੇ ਵੀ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਨੂੰ ਸਿਰਫ ਸ਼ਿਕਾਇਤ ਕੀਤੀ ਗਈ ਸੀ ਨਾ ਕਿ ਕਾਰਵਾਈ ਕਰਨ ਨੂੰ ਕਿਹਾ ਗਿਆ ਸੀ। ਪੁਲਸ ਨੇ ਆਪਣੀ ਮਰਜ਼ੀ ਨਾਲ ਪਤੀ ਅਤੇ ਪਰਿਵਾਰ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਲੜਕੀ ਤੋਂ ਸਾਈਨ ਕਰਵਾ ਕੇ ਰੱਖ ਲਏ ਕਿ ਰਾਜ਼ੀਨਾਮਾ ਕਰਵਾ ਦੇਣਗੇ।

ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ 2 ਬੰਦੀਆਂ ਦਾ ਕਤਲ ਜੇਲ੍ਹ ਵਿਭਾਗ ਲਈ ਚੁਣੌਤੀ, ਸੈਂਟਰਲ ਜੇਲ ਵੀ ਅਲਰਟ ’ਤੇ

ਪੁਲਸ ਨੇ ਕਿਹਾ ਪਤੀ ਸਾਡੀ ਹਿਰਾਸਤ ’ਚ, ਪਰ ਪਤੀ ਘੁੰਮ ਰਿਹਾ ਬਾਹਰ : ਪੀੜਤਾ
ਪੀੜਤਾ ਨੇ ਥਾਣਾ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਅਨਿਲ ਕੁਮਾਰ ’ਤੇ ਇਹ ਦੋਸ਼ ਲਾਇਆ ਕਿ ਫੋਨ ਕਰਨ ’ਤੇ ਉਨ੍ਹਾਂ ਕਿਹਾ ਕਿ ਪਤੀ ਸਾਡੀ ਹਿਰਾਸਤ ’ਚ ਹੈ ਅਤੇ ਅਸੀਂ ਅਗਲੇ ਦਿਨ ਕੋਰਟ ’ਚ ਪੇਸ਼ ਕਰਾਂਗੇ, ਜਦੋਂਕਿ ਅਗਲੇ ਦਿਨ ਐਤਵਾਰ ਸੀ ਅਤੇ ਮੇਰਾ ਪਤੀ ਸ਼ਰੇਆਮ ਬਾਹਰ ਘੁੰਮ ਰਿਹਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਸ ਸਹੁਰੇ ਪਰਿਵਾਰ ਨਾਲ ਮਿਲ ਕੇ ਮੇਰਾ ਤਲਾਕ ਕਰਵਾਉਣਾ ਚਾਹੁੰਦੀ ਹੈ। ਪੁਲਸ ਤੋਂ ਇਨਸਾਫ ਮਿਲਦਾ ਕਿਤੇ ਨਜ਼ਰ ਨਹੀਂ ਆ ਰਿਹਾ ਹੈ।

ਕੀ ਕਹਿਣੈ ਐੱਸ. ਐੱਚ. ਓ. ਦਾ
ਇਸ ਸਬੰਧ ’ਚ ਜਦੋਂ ਐੱਸ. ਐੱਚ. ਓ. ਜਗਦੀਪ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਨੂੰ ਨਾ ਤਾਂ ਸਹੁਰੇ ਲੈ ਕੇ ਜਾ ਰਹੇ ਸੀ ਅਤੇ ਨਾ ਹੀ ਪੇਕੇ ਘਰ ਵਾਲੇ ਲੈ ਕੇ ਜਾ ਰਹੇ ਸੀ, ਜਿਸ ’ਤੇ ਮਹਿਲਾ ਨੂੰ ਨਾਰੀ ਆਸ਼ਰਮ ਜਾਣ ਲਈ ਕਿਹਾ ਸੀ। ਲੜਕੀ ਦੇ ਪਰਿਵਾਰ ਨੂੰ ਇਹ ਕਿਹਾ ਗਿਆ ਸੀ ਕਿ ਮਾਹੌਲ ਸ਼ਾਂਤ ਹੋਣ ’ਤੇ ਸਾਰੀ ਸਮੱਸਿਆ ਹੱਲ ਹੋ ਜਾਵੇਗੀ।

ਇਹ ਵੀ ਪੜ੍ਹੋ : ਗੁਜਰਾਤ ਤੇ ਯੂ. ਪੀ. ਦੇ ਰਾਜਪਾਲਾਂ ਨੇ ਆਪਣੇ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ : ਭਗਵੰਤ ਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha