ਨਾਕੇ ''ਤੇ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ, ਗੈਂਗਸਟਰ ਬੁਲਾ ਕੇ ਕਰਵਾਇਆ ਹਮਲਾ

04/24/2018 7:20:31 PM

ਤਰਨਤਾਰਨ (ਰਮਨ, ਰਾਜੂ) : ਤਰਨਤਾਰਨ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਨਾਕਾ ਖੱਬੇ ਡੋਗਰਾ ਵਿਖੇ 3 ਪੁਲਸ ਮੁਲਾਜ਼ਮਾਂ ਦਾ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਖੂਨੀ ਤਕਰਾਰ ਹੋ ਗਿਆ। ਹਸਪਤਾਲ 'ਚ ਜੇਰੇ ਇਲਾਜ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਕਾਂਸਟੇਬਲ ਹਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਰਾਤ ਪਿੰਡ ਖੱਬੇ ਡੋਗਰਾ ਦੇ ਨਾਕੇ 'ਤੇ ਸੀ। ਇਸ ਦੌਰਾਨ ਹੈੱਡ ਕਾਂਸਟੇਬਲ ਕੇਵਲ ਸਿੰਘ ਜਿਸ ਨੇ ਹਰਚਰਨ ਸਿੰਘ ਪਾਸੋਂ 500 ਰੁਪਏ ਲਏ ਸਨ ਜਦੋਂ ਹਰਚਰਨ ਸਿੰਘ ਨੇ ਉਸ ਤੋਂ 500 ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਅੱਗੋਂ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤ। ਇਸ ਤੋਂ ਬਾਅਦ ਵਿਵਾਦ ਇਸ ਕਦਰ ਵੱਧ ਗਿਆ ਕਿ ਕੇਵਲ ਸਿੰਘ ਨੇ 10-12 ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੂੰ ਬੁਲਾ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਹ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ।

ਜ਼ਖਮੀ ਕਾਂਸਟੇਬਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਜੇ ਇਹ ਮਾਮਲਾ ਮੀਡੀਆ ਵਿਚ ਆਉਂਦਾ ਹੈ ਤਾਂ ਤੁਸੀਂ ਕਹਿਣਾ ਕਿ ਕੇਵਲ ਸਿੰਘ ਵਲੋਂ ਬਾਹਰੋਂ ਅਣਪਛਾਤੇ ਵਿਅਕਤੀ ਬੁਲਾ ਕੇ ਉਨ੍ਹਾਂ 'ਤੇ ਹਮਲਾ ਨਹੀਂ ਕਰਵਾਇਆ ਗਿਆ ਸਗੋਂ ਉਨ੍ਹਾਂ ਦੀ ਆਪਸ ਵਿਚ ਹੀ ਤਕਰਾਰ ਹੋਈ ਹੈ। ਜਿਸ ਵਿਚ ਉਹ ਜ਼ਖਮੀ ਹੋਏ ਹਨ। 
ਦੂਜੇ ਪਾਸੇ ਹੈੱਡ ਕਾਂਸਟੇਬਲ ਕੇਵਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕਿਸੇ 'ਤੇ ਹਮਲਾ ਨਹੀਂ ਕਰਵਾਇਆ। ਕੇਵਲ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਤਿੰਨਾਂ ਨੇ ਮਿਲ ਕੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਇਨ੍ਹਾਂ ਦੀ ਤਕਰਾਰ ਹੋ ਗਈ। ਬਾਅਦ ਵਿਚ ਜਦੋਂ ਉਕਤ ਦੋਵੇਂ ਕਾਂਸਟੇਬਲ ਸੁੱਤੇ ਪਏ ਸਨ ਤਾਂ ਮੈਂ ਇਨ੍ਹਾਂ ਦੀ ਕੁੱਟਮਾਰ ਕਰ ਦਿੱਤੀ। 
ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ 
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਤਿੰਨਾ ਮੁਲਜ਼ਮਾ ਦੀ ਐੱਮ.ਆਰ ਕਟਾ ਕੇ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।