ਪੁਲਸ ਗੰਭੀਰਤਾ ਨਾਲ ਲੜਕੀ ਦੀ ਭਾਲ ਕਰੇ

11/19/2017 2:27:19 AM

ਮਾਛੀਵਾੜਾ ਸਾਹਿਬ,   (ਟੱਕਰ, ਸਚਦੇਵਾ)-  ਮਾਛੀਵਾੜਾ ਵਾਸੀ ਰਾਮ ਪ੍ਰਸਾਦ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਗੁਹਾਰ ਲਾਈ ਹੈ ਕਿ ਉਸਦੀ ਨਾਬਾਲਿਗ ਲੜਕੀ ਨੂੰ ਅਗਵਾ ਕੀਤਿਆਂ 2 ਮਹੀਨੇ ਹੋ ਗਏ ਹਨ ਤੇ ਪੁਲਸ ਗੰਭੀਰਤਾ ਨਾਲ ਉਸਦੀ ਲੜਕੀ ਦੀ ਭਾਲ ਕਰੇ। ਰਾਮ ਪ੍ਰਸਾਦ ਨੇ ਕਿਹਾ ਕਿ ਉਸਦੀ 15 ਸਾਲਾ ਲੜਕੀ ਰੇਖਾ ਨੂੰ ਮਾਛੀਵਾੜਾ ਦਾ ਨਿਵਾਸੀ ਨੌਜਵਾਨ ਰਾਕੇਸ਼ ਗਿਰੀ ਵਰਗਲਾ ਕੇ ਲੈ ਗਿਆ, ਜਿਸ 'ਤੇ ਮਾਛੀਵਾੜਾ ਪੁਲਸ ਵਲੋਂ 2 ਅਕਤੂਬਰ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਸਨੇ ਦੱਸਿਆ ਕਿ ਆਪਣੀ ਲੜਕੀ ਦੀ ਭਾਲ ਲਈ ਉਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਰਿਹਾ।
ਲੜਕੀ ਦੇ ਪਿਤਾ ਨੇ ਦੱਸਿਆ ਕਿ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਉਸ ਦੀ ਲੜਕੀ ਨੂੰ ਅਗਵਾ ਕੀਤਿਆਂ ਪਰ ਪੁਲਸ ਵਲੋਂ ਉਸਦਾ ਕੋਈ ਸੁਰਾਗ ਨਹੀਂ ਲਾਇਆ ਗਿਆ, ਇਸ ਲਈ ਉਹ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਹੈ ਕਿ ਉਸਦੀ ਲੜਕੀ ਦੀ ਭਾਲ ਲਈ ਢੁੱਕਵੇਂ ਕਦਮ ਚੁੱਕੇ ਜਾਣ ਤੇ ਉਸਨੂੰ ਲਿਜਾਣ ਵਾਲੇ ਰਾਕੇਸ਼ ਗਿਰੀ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਜਦੋਂ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਜੈ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਗਵਾ ਕਰਨ ਵਾਲੇ ਨੌਜਵਾਨ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਗਈ ਹੈ ਤੇ ਸ਼ੱਕ ਹੈ ਕਿ ਉਕਤ ਨੌਜਵਾਨ ਲੜਕੀ ਨੂੰ ਨੇਪਾਲ ਵੱਲ ਲੈ ਗਿਆ ਹੈ। ਪੁਲਸ ਵਲੋਂ ਪੂਰੀ ਗੰਭੀਰਤਾ ਨਾਲ ਅਗਵਾਕਾਰ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।