1500 ਪੁਲਸ ਜਵਾਨ ਤੇ 350 ਆਰਮਡ ਪੁਲਸ ਤਾਇਨਾਤ

10/19/2017 12:47:43 PM

ਅੰਮ੍ਰਿਤਸਰ (ਜ. ਬ.)- ਦੀਵਾਲੀ ਦੇ ਪਾਵਨ ਤਿਉਹਾਰ ਮੌਕੇ ਪੁਲਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਤੇਜ਼ ਕਰਦਿਆਂ ਸਖ਼ਤ ਨਾਕੇਬੰਦੀਆਂ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਆਮ ਜਨਤਾ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼ਹਿਰਵਾਸੀ ਮਾਣਯੋਗ ਪੰਜਾਬ ਦੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਲੀ ਦੇ ਦਿਨ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਪਟਾਕੇ ਚਲਾਉਣ।
ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜ ਰਹੀਆਂ ਸੰਗਤਾਂ ਅਤੇ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਪੁੱਜੇ ਸ਼ਹਿਰਵਾਸੀਆਂ ਦੇ ਭਾਰੀ ਇਕੱਠ ਨੂੰ ਧਿਆਨ 'ਚ ਰੱਖਦਿਆਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਵਾਰਦਾਤ ਤੋਂ ਫਾਸਲਾ ਬਣਾਏ ਰੱਖਣ ਲਈ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਅਤੇ ਅੰਦਰੂਨੀ ਇਲਾਕਿਆਂ ਵਿਚ ਸਖ਼ਤ ਨਾਕੇਬੰਦੀ ਤਹਿਤ ਬਾਜ ਅੱਖ ਰੱਖੀ ਜਾ ਰਹੀ ਹੈ। ਇਸ ਮੌਕੇ ਕਮਿਸ਼ਨਰੇਟ ਪੁਲਸ ਦੇ 1500 ਜਵਾਨਾਂ ਤੋਂ ਇਲਾਵਾ 350 ਆਰਮਡ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੂਟ ਪਰਮਿਟ ਨੂੰ ਵੀ ਦਰੁਸਤ ਕਰਦਿਆਂ ਫੇਰਬਦਲ ਕੀਤਾ ਗਿਆ ਹੈ।