ਖਾਲਿਸਤਾਨੀ ਲਹਿਰ ਵਿਚ ਕੁੱਦਣ ਵਾਲੇ ਇਕ ਮੁਲਜ਼ਮ ਦਾ ਪੁਲਸ ਰਿਮਾਂਡ ਵਧਿਆ

11/14/2019 3:12:06 PM

ਮੋਹਾਲੀ (ਕੁਲਦੀਪ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕਥਿਤ ਤਿਆਰੀ ਕਰਨ ਵਾਲੀ ਇਕ ਮਹਿਲਾ ਸਮੇਤ ਗ੍ਰਿਫਤਾਰ ਕੀਤੇ ਗਏ 2 ਮੁਲਜ਼ਮਾਂ ਨੂੰ ਫਿਰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਮੁਲਜ਼ਮ ਲਖਵੀਰ ਸਿੰਘ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ ਜਦੋਂਕਿ ਉਸ ਦੀ ਸਾਥੀ ਮਹਿਲਾ ਸੁਰਿੰਦਰ ਕੌਰ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਬੀਤੇ ਦਿਨੀਂ ਸੁਰਿੰਦਰ ਕੌਰ ਨਿਵਾਸੀ ਜ਼ਿਲਾ ਫਰੀਦਕੋਟ ਅਤੇ ਉਸ ਦੇ ਸਾਥੀ ਲਖਵੀਰ ਸਿੰਘ ਨਿਵਾਸੀ ਜ਼ਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੀ ਗਈ ਮਹਿਲਾ ਸੁਰਿੰਦਰ ਕੌਰ ਲੁਧਿਆਣਾ ਦੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਨਰਸ ਦੇ ਤੌਰ 'ਤੇ ਕੰਮ ਕਰ ਰਹੀ ਸੀ। ਮੁਲਜ਼ਮ ਲਖਵੀਰ ਸਿੰਘ ਬਾਰੇ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਲਖਵੀਰ ਸਿੰਘ ਵਾਪਸ ਦੁਬਈ ਜਾ ਰਿਹਾ ਸੀ ਪਰ ਅਗਲੀ ਵਾਰ ਉਸ ਨੇ ਆਉਂਦੇ ਹੀ ਪੰਜਾਬ ਵਿਚ ਆਪਣਾ ਨੈੱਟਵਰਕ ਤਿਆਰ ਕਰਨਾ ਸੀ ਤਾਂ ਕਿ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ।

ਐਡਵੋਕੇਟ ਸੀ. ਐੱਸ. ਬਾਵਾ ਅਤੇ ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੁਲਸ ਨੇ 8 ਦਿਨਾਂ ਤੋਂ ਰਿਮਾਂਡ 'ਤੇ ਰੱਖਿਆ ਹੋਇਆ ਹੈ ਪਰ ਉਨ੍ਹਾਂ ਵਲੋਂ ਅਜੇ ਤਕ ਕੋਈ ਬਰਾਮਦਗੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ 2 ਲੋਕਾਂ ਦੇ ਨਾਮ ਲਏ ਹਨ ਜਿਨ੍ਹਾਂ 'ਚ ਬਲਰਾਜ ਸਿੰਘ ਅਤੇ ਬਲਜੀਤ ਭਾਊ ਸ਼ਾਮਲ ਹਨ। ਪੁਲਸ ਹੁਣ ਉਨ੍ਹਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Anuradha

This news is Content Editor Anuradha