ਵਿਵਾਦਿਤ ਪੁਲਸ ਅਧਿਕਾਰੀਆਂ ਦੀ ਸਰਕਾਰ ਅਹਿਮ ਅਹੁਦਿਆਂ ''ਤੇ ਨਹੀਂ ਕਰੇਗੀ ਨਿਯੁਕਤੀ

07/18/2018 6:56:09 AM

ਜਲੰਧਰ (ਧਵਨ) - ਪੰਜਾਬ ਦੇ ਗ੍ਰਹਿ ਵਿਭਾਗ ਨੇ ਸਾਬਕਾ ਐੱਸ. ਐੱਸ. ਪੀ. ਕਮਲਜੀਤ ਸਿੰਘ ਢਿੱਲੋਂ ਵਿਰੁੱਧ ਕੇਸ ਚਲਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰੀ ਮੰਗੀ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਗ੍ਰਹਿ ਵਿਭਾਗ ਨੇ ਇਸ ਸਬੰਧੀ ਫਾਈਲ ਮੁੱਖ ਮੰਤਰੀ ਦਫਤਰ ਨੂੰ ਮਨਜ਼ੂਰੀ ਲਈ ਭੇਜ ਦਿੱਤੀ ਹੈ। ਕੁਝ ਦਿਨ ਪਹਿਲਾਂ ਢਿੱਲੋਂ ਮੋਗਾ 'ਚ ਐੱਸ. ਐੱਸ. ਪੀ. ਨਿਯੁਕਤ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਮੁੱਖ ਮੰਤਰੀ ਨੇ ਉਨ੍ਹਾਂ ਦਾ ਫਿਰ ਤੋਂ ਤਬਾਦਲਾ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਵਿਰੁੱਧ ਕਥਿਤ ਤੌਰ 'ਤੇ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਦੋਸ਼ ਲੱਗੇ ਸਨ। ਮੁੱਖ ਮੰਤਰੀ ਨਹੀਂ ਚਾਹੁੰਦੇ ਸਨ ਕਿ ਕੋਈ ਵੀ ਵਿਵਾਦਿਤ ਅਧਿਕਾਰੀ ਅਹਿਮ ਅਹੁਦਿਆਂ 'ਤੇ ਤਾਇਨਾਤ ਹੋਣ ਕਿਉਂਕਿ ਇਕ ਪਾਸੇ ਤਾਂ ਸਰਕਾਰ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਚਲਾਈ ਹੋਈ ਹੈ ਤਾਂ ਦੂਜੇ ਪਾਸੇ ਜੇਕਰ ਕਿਸੇ ਪੁਲਸ ਅਧਿਕਾਰੀ 'ਤੇ ਨਸ਼ਿਆਂ ਨਾਲ ਸੰਬੰਧਤ ਕੇਸਾਂ 'ਚ ਸੁਰੱਖਿਆ ਦੇਣ ਦੇ ਦੋਸ਼ ਲੱਗਦੇ ਹਨ ਤਾਂ ਉਹ ਇਕ ਗੰਭੀਰ ਮਾਮਲਾ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਨੂੰ ਲੈ ਕੇ ਜੋ ਸਖਤ ਸਟੈਂਡ ਲਿਆ ਗਿਆ ਹੈ ਕੀ ਉਸ ਤੋਂ ਬਾਅਦ ਉਹ ਹੁਣ ਉਨ੍ਹਾਂ ਸਾਰੇ ਵਿਵਾਦਿਤ ਅਧਿਕਾਰੀਆਂ ਵਿਰੁੱਧ ਜਾਂਚ ਕਰਵਾਉਣਗੇ, ਜਿਸ ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਨਸ਼ਿਆਂ ਨਾਲ ਸੰਪਰਕ ਜਾਂ ਸੰਬੰਧ ਰਿਹਾ ਹੈ।
ਮੁੱਖ ਮੰਤਰੀ ਨੇ ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਵੀ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਵੱਖ-ਵੱਖ ਮਾਮਲੇ ਜਾਂਚ ਲਈ ਵਿਚਾਰ ਅਧੀਨ ਪਏ ਹੋਏ ਹਨ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਡੀ. ਜੀ. ਪੀ. ਨੇ ਸਾਰੇ ਜ਼ਿਲਾ ਪੁਲਸ ਪ੍ਰਮੁੱਖਾਂ ਅਤੇ ਪੁਲਸ ਕਮਿਸ਼ਨਰਾਂ ਨੂੰ ਪੁਲਸ ਮੁਲਾਜ਼ਮਾਂ ਵਿਰੁੱਧ ਪੈਂਡਿੰਗ ਪਏ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।