72 ਘੰਟੇ ਬੀਤ ਜਾਣ ਬਾਅਦ ਹਰਪ੍ਰੀਤ ਦਾ ਕੋਈ ਸੁਰਾਗ ਨਹੀਂ

08/25/2017 1:58:11 PM

ਫੱਤੂਢੀਂਗਾ (ਘੁੰਮਣ) - ਸਥਾਨਕ ਪੁਲਸ ਥਾਣਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੂੰ ਆਪਣਾ ਲਿਖਤੀ ਬਿਆਨ ਦਰਜ ਕਰਵਾਉਂਦਿਆਂ ਅਗਵਾ ਹੋਏ 26 ਸਾਲਾ ਨੌਜਵਾਨ ਦੀ ਪਤਨੀ ਸੰਦੀਪ ਕੌਰ ਵਾਸੀ ਕੋਲੀਆਂਵਾਲ ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਮੈਂ ਆਪਣੇ ਪਤੀ ਹਰਪ੍ਰੀਤ ਸਿੰਘ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪੇਕੇ ਪਿੰਡ ਮੁੰਡੀ ਵਿਖੇ ਮਿਤੀ 23 ਅਗਸਤ ਨੂੰ ਗਈ ਸੀ ਕਿ ਮੇਰਾ ਪਤੀ ਮੈਨੂੰ ਪੇਕੇ ਪਿੰਡ ਮੁੰਡੀ ਵਿਖੇ ਛੱਡ ਕੇ ਆਪਣੀ ਭੈਣ ਕੋਲ ਪਿੰਡ ਮੁਲਾਕਾਤ ਵਿਖੇ ਜਾਣ ਲਈ ਕਹਿ ਕੇ ਇਥੋਂ ਤੁਰ ਗਿਆ, ਜਦ ਮੈਂ ਆਪਣੀ ਨਨਾਣ ਨੂੰ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਕੋਲ ਪਹੁੰਚਣ ਬਾਰੇ ਪੁੱਛਿਆ ਤਾਂ ਉਸਨੇ ਆਖਿਆ ਕਿ ਹਰਪ੍ਰੀਤ ਸਿੰਘ ਸਾਡੇ ਕੋਲ ਨਹੀਂ ਪੁੱਜਿਆ। ਸ਼ੱਕ ਹੋਣ 'ਤੇ ਸਾਰੇ ਰਿਸ਼ਤੇਦਾਰਾਂ ਕੋਲੋਂ ਹਰਪ੍ਰੀਤ ਸਿੰਘ ਦੀ ਪੁੱਛ-ਪੜਤਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਫੱਤੂਢੀਂਗਾ ਪੁਲਸ ਨੇ ਪੂਰੀ ਜੱਦੋ ਜਹਿਦ ਮਗਰੋਂ ਪੀੜਤ ਹਰਪ੍ਰੀਤ ਸਿੰਘ ਦਾ ਮੋਟਰਸਾਈਕਲ ਤੇ ਮੋਬਾਇਲ ਫੋਨ ਪਿੰਡ ਮੁਲਾਬਾਹ ਨੇੜਿਓਂ ਬੂੜੇਵਾਲ ਕੋਲੋਂ ਬਰਾਮਦ ਕੀਤਾ, ਜਦਕਿ 72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਹਰਪ੍ਰੀਤ ਸਿੰਘ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। 
ਫੱਤੂਢੀਂਗਾ ਪੁਲਸ ਨੇ ਪੀੜਤ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਹੈ ਕਿ ਇਸ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਤੇ ਸਥਾਨਕ ਪੁਲਸ ਨੇ ਪਰਚਾ ਦਰਜ ਕਰਕੇ ਹਰਪ੍ਰੀਤ ਸਿੰਘ ਦੀ ਭਾਲ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।