ਹਰ ਚੌਕ ''ਚ ਨਾਕਾ, ਹਰ ਗਲੀ ''ਚ ਪੁਲਸ ਫਿਰ ਵੀ ਹੋ ਰਹੀਆਂ ਨੇ ਚੋਰੀਆਂ

04/21/2018 3:42:23 AM

ਫਗਵਾੜਾ, (ਮੁਕੇਸ਼, ਜਲੋਟਾ)- ਬੀਤੇ ਸ਼ਨੀਵਾਰ ਤੋਂ ਫਗਵਾੜਾ 'ਚ ਤਣਾਅਪੂਰਨ ਮਾਹੌਲ ਪੈਦਾ ਹੋਇਆ ਹੈ, ਉਸ ਸਮੇਂ ਤੋਂ ਹੀ ਫਗਵਾੜਾ ਦੇ ਵੱਖ-ਵੱਖ ਖੇਤਰਾਂ 'ਚ ਪੰਜਾਬ ਪੁਲਸ, ਆਈ. ਆਰ. ਬੀ. ਕਮਾਂਡੋ ਅਤੇ ਆਰ. ਏ. ਐੱਫ ਦੀਆਂ ਟੁਕੜੀਆਂ ਤਾਇਨਾਤ ਹਨ ਤਾਂ ਜੋ ਖੇਤਰ 'ਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੀ। ਸੁਰੱਖਿਆ ਦਸਤਿਆਂ ਦੀ ਸਖਤ ਚੌਕਸੀ ਤੇ ਹਰ ਚੌਕ 'ਚ ਨਾਕਾ ਅਤੇ ਹਰ ਗਲੀ 'ਚ ਤਾਇਨਾਤ ਪੁਲਸ ਕਰਮਚਾਰੀਆਂ ਦੇ ਦਮ 'ਤੇ ਪ੍ਰਸ਼ਾਸਨਕ ਅਧਿਕਾਰੀ ਸਖਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕਰ ਰਹੇ ਹਨ ਪਰ ਅਸਲ 'ਚ ਇਨ੍ਹਾਂ ਸਭ ਪ੍ਰਬੰਧਾਂ 'ਚ ਸੰਨ੍ਹ ਮਾਰਦੇ ਹੋਏ ਇਲਾਕੇ 'ਚ ਚੋਰਾਂ ਨੇ ਦਸਤਕ ਦੇ ਦਿੱਤੀ ਹੈ। 
ਮਾਡਲ ਟਾਊਨ ਦੇ ਨਜ਼ਦੀਕ ਟਿੱਬੀ ਖੇਤਰ ਦੇ ਗਲੀ ਨੰ. 3 ਦੇ ਨਿਵਾਸੀ ਜੋਗਿੰਦਰ ਕੁਮਾਰ, ਆਸ਼ਾ ਰਾਣੀ ਨੇ ਦਸਿਆ ਕਿ ਉਹ ਬੀਤੇ ਦਿਨ ਰੋਹਤਕ 'ਚ ਵਿਆਹ ਸਮਾਗਮ 'ਚ ਗਏ ਸਨ, ਜਦੋਂ ਉਹ ਬੀਤੀ ਸ਼ਾਮ ਘਰ ਪਹੁੰਚੇ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ 'ਚ ਰੱਖੀ ਸੋਨੇ ਦੀ ਭਾਰੀ ਚੇਨ, ਕਰੀਬ 30 ਹਜ਼ਾਰ ਰੁਪਏ ਤੋਂ ਇਲਾਵਾ ਘਰ 'ਚ ਰੱਖਿਆ ਜ਼ਰੂਰੀ ਸਾਮਾਨ ਗਾਇਬ ਸੀ। ਰਾਤ ਕਰੀਬ 1.14 ਵਜੇ ਘਰ ਦੇ ਅੰਦਰ ਮੁੱਖ ਦਰਵਾਜ਼ੇ ਨੂੰ ਤੋੜ ਕੇ ਦਾਖਲ ਹੋਏ ਤੇ ਕਾਫੀ ਸਮੇਂ ਘਰ ਦੇ ਅੰਦਰ ਰਹਿ ਕੇ ਘਰ 'ਚ ਪਿਆ ਸਾਮਾਨ ਚੋਰੀ ਕਰ ਕੇ ਗਾਇਬ ਹੋ ਗਏ। ਉਨ੍ਹਾਂ ਕਿਹਾ ਕਿ ਇਸਦੀ ਸੂਚਨਾ ਪੁਲਸ ਵਿਭਾਗ ਨੂੰ ਦੇ ਦਿੱਤੀ ਗਈ ਹੈ। ਦੂਸਰੇ ਪਾਸੇ ਇਸ ਖੇਤਰ 'ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਦੇ ਬਾਵਜੂਦ ਘਰ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਖੇਤਰ ਨਿਵਾਸੀ ਸਹਿਮੇ ਹੋਏ ਹਨ।
ਇਸੇ ਤਰ੍ਹਾਂ ਚੋਰ ਖੇਡਾਂ ਰੋਡ 'ਤੇ ਸਥਿਤ ਸ਼੍ਰੀ ਕਾਂਸ਼ੀ ਮਹਾਦੇਵ ਨਾਥ ਕਾਲੇਸ਼ਵਰ ਮੰਦਿਰ 'ਚ ਚੋਰ 3 ਗੱਲੇ ਤੋੜ ਕੇ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਮੰਦਰ ਕਮੇਟੀ ਦੇ ਰਾਕੇਸ਼ ਕੁਮਾਰ ਤੇ ਜੋਗਿੰਦਰ ਪਾਲ ਮੁਤਾਬਕ ਰਾਤ ਨੂੰ ਪੰਡਿਤ ਜੀ ਪੂਜਾ ਅਰਚਨਾ ਕਰਨ ਤੋਂ ਬਾਅਦ ਮੰਦਰ ਬੰਦ ਕਰ ਕੇ ਚੱਲੇ ਗਏ। ਅੱਜ ਸਵੇਰੇ ਇਕ ਸ਼ਰਧਾਲੂ ਨੇ ਮੰਦਰ ਦੇ ਗੱਲੇ ਟੁੱਟੇ ਹੋਣ ਸਬੰਧੀ ਜਾਣਕਾਰੀ ਕਮੇਟੀ ਨੂੰ ਦਿੱਤੀ। ਜਦ ਕਮੇਟੀ ਮੈਂਬਰਾਂ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਭਗਵਾਨ ਸ਼ੰਕਰ ਮੰਦਰ ਦਾ ਗੱਲਾ, ਸ਼ਨੀ ਮੰਦਰ ਦਾ ਗੱਲਾ ਅਤੇ ਨਿਰਮਾਣ ਅਧੀਨ ਕਾਲੀ ਮਾਤਾ ਮੰਦਰ ਦਾ ਗੱਲਾ ਟੁੱਟਾ ਹੋਇਆ ਸੀ। ਜਿਸ 'ਚੋਂ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਪਿਛਲੇ 6 ਮਹੀਨੇ ਤੋਂ ਮੰਦਰ ਦੇ ਗੱਲੇ ਨਹੀਂ ਖੋਲ੍ਹੇ ਸਨ।