ਗੈਂਗ ਰੇਪ ਦੇ ਮਾਮਲੇ ''ਚ ਪੀੜਤ ਨਾਬਾਲਗ ਲੜਕੀ ਦਾ ਪੁਲਸ ਨੇ ਕਰਵਾਇਆ ਮੈਡੀਕਲ

02/12/2018 7:58:29 AM

ਲੁਧਿਆਣਾ, (ਅਨਿਲ)- ਥਾਣਾ ਮੇਹਰਬਾਨ ਦੀ ਪੁਲਸ ਨੇ 16 ਸਾਲਾ ਨਾਬਾਲਗ ਲੜਕੀ ਨਾਲ ਗੈਂਗ ਰੇਪ ਦੇ ਮਾਮਲੇ 'ਚ ਅੱਜ ਪੁਲਸ ਵੱਲੋਂ ਪੀੜਤਾ ਦਾ ਸਿਵਲ ਹਸਪਤਾਲ ਲੁਧਿਆਣਾ 'ਚ ਮੈਡੀਕਲ ਕਰਵਾਇਆ ਗਿਆ। ਇਸ ਦੀ ਰਿਪੋਰਟ ਸੋਮਵਾਰ ਨੂੰ ਆਵੇਗੀ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਗੈਂਗ ਰੇਪ ਦੇ ਦੋਸ਼ੀ ਬਲਵਿੰਦਰ ਸਿੰਘ, ਕੁਲਵੰਤ ਸਿੰਘ ਬਾਵਾ, ਹਰਦੀਪ ਸਿੰਘ, ਜੱਸੀ ਤੇ ਮਹਿਲਾ ਮਨੀ ਦੀ ਭਾਲ 'ਚ ਇਲਾਕੇ ਵਿਚ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੋਸ਼ੀਆਂ ਦੀ ਕੋਈ ਵੀ ਪਛਾਣ ਹੋ ਸਕੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਪ੍ਰੇਮ ਕਾਲੋਨੀ ਵਿਚ ਜਾ ਕੇ ਦੋਸ਼ੀਆਂ ਦੇ ਲਿੰਕ ਲੱਭ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਨੂੰ ਦੋਸ਼ੀਆਂ ਦੀ ਕੋਈ ਪੱਕੀ ਪਛਾਣ ਬਾਰੇ ਪਤਾ ਨਹੀਂ ਹੈ। ਬੱਸ ਉਹ ਦੋਸ਼ੀ ਮਹਿਲਾ ਮਨੀ ਨੂੰ ਕੁੱਝ ਮਹੀਨੇ ਪਹਿਲਾਂ ਆਪਣੇ ਘਰ ਨੇੜੇ ਮਿਲੀ ਸੀ, ਜਿੱਥੇ ਉਸ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਉਸ ਸਮੇਂ ਪੀੜਤਾ ਟਿਊਸ਼ਨ ਪੜ੍ਹਨ ਜਾਂਦੀ ਸੀ। ਇਸੇ ਕਾਰਨ 5 ਫਰਵਰੀ ਨੂੰ ਉਹ ਉਸ ਮਹਿਲਾ ਨਾਲ ਗੱਡੀ ਵਿਚ ਬੈਠ ਕੇ ਚਲੀ ਗਈ ਸੀ। ਇਸ ਤੋਂ ਬਾਅਦ ਚਲਦੀ ਗੱਡੀ ਵਿਚ ਦੋਸ਼ੀਆਂ ਵੱਲੋਂ ਉਸ ਨਾਲ ਵਾਰੀ-ਵਾਰੀ ਗੈਂਗ ਰੇਪ ਕੀਤਾ ਗਿਆ। 
ਜਾਂਚ ਅਧਿਕਾਰੀ ਨੇ ਦੱਸਿਆ ਕਿ ਕੱਲ ਪੀੜਤ ਲੜਕੀ ਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਕਲਮਬੱਧ ਕਰਵਾਏ ਜਾਣਗੇ। ਇਸ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਜਾਵੇਗੀ।
ਪੁਲਸ ਕੋਲ ਦੋਸ਼ੀਆਂ ਨੂੰ ਫੜਨ ਲਈ ਕੋਈ ਪੁਖਤਾ ਸਬੂਤ ਨਹੀਂ
ਮੇਹਰਬਾਨ ਪੁਲਸ ਨੇ ਪੀੜਤ ਨਾਬਾਲਗ ਲੜਕੀ ਨਾਲ ਗੈਂਗ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਕੋਈ ਵੀ ਪੁਖਤਾ ਸਬੂਤ ਨਹੀਂ ਹਨ। ਪੀੜਤਾ ਨੂੰ ਕੇਵਲ ਉਨ੍ਹਾਂ ਦੇ ਨਾਂ ਪਤਾ ਹਨ। ਉਹ ਕਿੱਥੇ? ਅਤੇ ਕਿਸ ਇਲਾਕੇ ਵਿਚ ਰਹਿੰਦੇ ਹਨ? ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਸ ਦੇ ਆਧਾਰ 'ਤੇ ਪੁਲਸ ਦੋਸ਼ੀਆਂ ਤੱਕ ਪਹੁੰਚ ਸਕੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੂੰ ਨਾ ਤਾਂ ਗੱਡੀ ਦੀ ਪਛਾਣ ਹੈ ਅਤੇ ਨਾ ਹੀ ਗੱਡੀ ਦਾ ਨੰਬਰ ਪਤਾ ਹੈ। ਪੁਲਸ ਦੋਸ਼ੀਆਂ ਤੱਕ ਕਿਸ ਤਰ੍ਹਾਂ ਪਹੁੰਚੇਗੀ? ਇਹ ਉਸ ਲਈ ਚੁਣੌਤੀ ਬਣਿਆ ਹੋਇਆ ਹੈ।