ਹਸਪਤਾਲ ''ਚ ਵੀ ਪੁਲਸ ਬਲ ਤਾਇਨਾਤ

08/25/2017 12:05:52 AM

ਅਬੋਹਰ(ਸੁਨੀਲ, ਰਹੇਜਾ)-ਡੇਰਾ ਸੱਚਾ ਸੌਦਾ ਸਿਰਸਾ ਪ੍ਰਮੁਖ ਸੰਤ ਗੁਰਮੀਤ ਰਾਮ ਰਹੀਮ  ਦੀ 25 ਅਗਸਤ ਨੂੰ ਪੰਚਕੂਲਾ ਸੀ.ਬੀ.ਆਈ. ਕੋਰਟ ਵੱਲੋਂ ਕੀਤੀ ਜਾ ਰਹੀ ਸੁਣਵਾਈ ਦੇ ਕਰਕੇ ਪੂਰੇ ਇਲਾਕੇ 'ਚ ਹਾਈ ਅਲਰਟ ਦੇ ਕਾਰਨ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸ਼ਹਿਰ ਦੇ ਚੱਪੇ-ਚੱਪੇ 'ਤੇ ਪੰਜਾਬ ਪੁਲਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਪੁਲਸ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਲਈ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਕਿਸੇ ਵੀ ਪ੍ਰਕਾਰ ਦੀ ਘਟਨਾ ਹੋਣ ਦੀ ਸ਼ੰਕਾ ਨੂੰ ਦੇਖਦੇ ਹੋਏ ਸਿਵਲ ਹਸਪਤਾਲ 'ਚ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇੰਨਾ ਹੀ ਨਹੀਂ ਹਸਪਤਾਲ 'ਚ ਵੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਮੁਖੀ ਡਾ. ਅਮਿਤਾ ਚੌਧਰੀ ਦੇ ਹੁਕਮਾਂ 'ਤੇ ਸਰਕਾਰੀ ਹਸਪਤਾਲ ਦੇ ਸਾਰੇ ਡਾਕਟਰਾਂ ਤੇ ਸਟਾਫ ਦੀ 24 ਘੰਟੇ ਡਿਊਟੀ ਲਾ ਦਿੱਤੀ ਗਈ ਹੈ। ਹਸਪਤਾਲ 'ਚ ਦੋ ਸਰਕਾਰੀ ਐਂਬੂਲੈਂਸਾਂ ਦੇ ਇਲਾਵਾ ਇਕ ਨਿਜੀ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜ਼ਿਆਦਾ ਲੋੜ ਪੈਣ 'ਤੇ ਨਿਜੀ ਐਂਬੂਲੈਂਸਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਮੁਖੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਿਕ ਐਮਰਜੈਂਸੀ ਮੈਡੀਕਲ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ 'ਚ ਡਾ. ਸਵਪਨੀਲ ਅਰੋੜਾ, ਡਾ. ਰਾਕੇਸ਼ ਤੇ ਡਾ. ਅਮਨਦੀਪ ਦੀ ਅਗਵਾਈ ਹੇਠ ਸਟਾਫ ਨਿਯੁਕਤ ਕੀਤਾ ਗਿਆ ਹੈ। ਇਹ ਟੀਮਾਂ 25 ਅਗਸਤ ਨੂੰ ਸਵੇਰ ਤੋਂ ਹੀ ਆਪਣੀ ਡਿਊਟੀ 'ਤੇ ਲਗ ਜਾਣਗੀਆਂ।