ਲੁਧਿਆਣਾ 'ਚ ਹੈਰੋਇਨ ਸਮੇਤ ਪੁਲਸ ਮੁਲਾਜ਼ਮ ਗ੍ਰਿਫਤਾਰ

11/19/2019 11:35:38 PM

ਲੁਧਿਆਣਾ, (ਅਨਿਲ)— ਪੰਜਾਬ ਪੁਲਸ ਨੂੰ ਰਾਜ 'ਚ ਜੁਰਮ ਖਤਮ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਪਰ ਜਦੋਂ ਪੁਲਸ ਦੇ ਮੁਲਾਜ਼ਮ ਖੁਦ ਹੀ ਜੁਰਮ ਨੂੰ ਉਤਸ਼ਾਹ ਦੇਣ ਲੱਗ ਜਾਣ ਤਾਂ ਜਨਤਾ ਕਿਸ 'ਤੇ ਯਕੀਨ ਕਰੇਗੀ। ਇਸੇ ਕੜੀ ਤਹਿਤ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨੂੰ 25 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਟੀ.ਐੱਫ. ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ.ਟੀ.ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਪੰਜਾਬ ਪੁਲਸ ਦਾ ਇਕ ਮੁਲਾਜ਼ਮ ਆਪਣੀ ਕਾਰ 'ਚ ਹੈਰੋਇਨ ਦੀ ਖੇਪ ਲੈ ਕੇ ਜਮਾਲਪੁਰ ਇਲਾਕੇ 'ਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ ਜਿਸ 'ਤੇ ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਸਰਪੰਚ ਕਾਲੋਨੀ ਦੇ ਬਚਿੱਤਰ ਨਗਰ, ਜਮਾਲਪੁਰ 'ਚ ਸਪੈਸ਼ਲ ਨਾਕਾਬੰਦੀ ਕਰ ਕੇ ਇਕ ਆਈ 20 ਕਾਰ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ ਜਿਸ ਦੇ ਸਵਾਰ ਨੇ ਆਪਣੇ-ਆਪ ਨੂੰ ਪੰਜਾਬ ਪੁਲਸ ਦਾ ਸਿਪਾਹੀ ਦੱਸਿਆ। ਜਦੋਂ ਐੱਸ.ਟੀ.ਐੱਫ. ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 51 ਗ੍ਰਾਮ ਹੈਰੋਇਨ, 5 ਖਾਲੀ ਸਰਿੰਜਾਂ, ਇਕ ਇਲੈਕਟ੍ਰੋਨਿਕ ਕੰਡਾ, 13 ਖਾਲੀ ਪੌਲੀਥੀਨ ਦੇ ਲਿਫਾਫੇ ਅਤੇ ਇਕ ਸਟੀਲ ਦਾ ਚਮਚ ਬਰਾਮਦ ਕੀਤਾ ਗਿਆ। ਪੁਲਸ ਨੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਸਿਪਾਹੀ ਅਮਨਦੀਪ ਸਿੰਘ ਉਮਰ 27 ਸਾਲ ਪੁੱਤਰ ਨਰਿੰਦਰ ਸਿੰਘ ਵਾਸੀ ਓਂਕਾਰ ਵਿਹਾਰ, ਸੈਕਟਰ-32 ਵਜੋਂ ਕੀਤੀ ਹੈ, ਜਿਸ ਖਿਲਾਫ ਮੋਹਾਲੀ ਐੱਸ.ਟੀ.ਐੱਫ. ਥਾਣੇ 'ਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਲਾਈਨ 'ਚ ਸੀਨੀਅਰ ਕਾਂਸਟੇਬਲ ਤਾਇਨਾਤ ਸੀ ਦੋਸ਼ੀ
ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਦੋਸ਼ੀ ਸਿਪਾਹੀ ਅਮਨਦੀਪ ਸਿੰਘ ਪਿਛਲੇ 9 ਸਾਲਾਂ ਤੋਂ ਪੰਜਾਬ ਪੁਲਸ 'ਚ ਬਤੌਰ ਸਿਪਾਹੀ ਦੀ ਡਿਊਟੀ ਕਰ ਰਿਹਾ ਹੈ ਅਤੇ ਇਸ ਸਮੇਂ ਲੁਧਿਆਣਾ ਪੁਲਸ ਲਾਈਨ 'ਚ ਬਤੌਰ ਸੀਨੀਅਰ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਹੈ। ਦੋਸ਼ੀ ਪਿਛਲੇ 6 ਸਾਲ ਤੋਂ ਖੁਦ ਵੀ ਹੈਰੋਇਨ ਪੀਣ ਦਾ ਆਦੀ ਹੈ। ਦੋਸ਼ੀ ਹੈਰੋਇਨ ਦੀ ਖੇਪ ਜਮਾਲਪੁਰ ਦੇ ਕਿਸੇ ਨਸ਼ਾ ਸਮੱਗਲਰ ਤੋਂ ਥੋਕ ਦੇ ਭਾਅ ਸਸਤੇ ਰੇਟ 'ਚ ਖਰੀਦ ਕੇ ਲਿਆਇਆ ਹੈ ਅਤੇ ਇਹ ਖੇਪ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚਣ ਜਾ ਰਿਹਾ ਸੀ ਕਿ ਰਸਤੇ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਆਪਣੀ ਕਾਰ 'ਚ ਸਾਰਾ ਸਾਮਾਨ ਰੱਖਿਆ ਹੋਇਆ ਸੀ ਜਿਸ ਨਾਲ ਹੈਰੋਇਨ ਤੋਲ ਕੇ ਲਿਫਾਫੇ 'ਚ ਪਾਉਣ ਦੇ ਸਾਰੇ ਪ੍ਰਬੰਧ ਕੀਤੇ ਹੋਏ ਸਨ। ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਤੋਂ ਬਾਕੀ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।

Babita

This news is Content Editor Babita