ਪਿੰਡ ਅਰਨੀਵਾਲ ਦੇ ਐੱਚ. ਡੀ. ਐੱਫ. ਸੀ. ਬੈਂਕ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼

08/07/2017 3:50:07 PM

ਮੁਕਤਸਰ (ਤਰਸੇਮ ਢੁੱਡੀ) — ਪੁਲਸ ਥਾਣਾ ਲੰਬੀ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ, ਜਦ ਪੁਲਸ ਪ੍ਰਮੁੱਖ ਸ਼ੁਸ਼ੀਲ ਕੁਮਾਰ, ਦਵਿੰਦਰ ਸਿੰਘ ਮਲੋਟ ਪੁਲਸ ਕਪਤਾਨ ਦੀ ਯੋਗ ਅਗਵਾਈ ਹੇਠ ਲੰਬੀ ਥਾਣਾ ਪ੍ਰਮੁੱਖ ਬਿਕਰਮਜੀਤ ਸਿੰਘ ਤੇ ਸੁਖਜੀਤ ਸਿੰਘ ਇੰਚਾਰਜ ਤੇ ਪੁਲਸ ਚੌਕੀ ਦੀ ਟੀਮ ਨੇ ਬੀਤੀ 22 ਤੇ 23 ਜੁਲਾਈ ਨੂੰ ਪਿੰਡ ਅਰਨੀਵਾਲ ਮੰਤਰੀ 'ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਚੋਰੀ ਦੇ ਮਾਮਲੇ 'ਚ ਇਕ ਚੋਰ ਨੂੰ ਕਾਬੂ ਕਰ ਕੇ ਪੂਰੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਥਾਣਾ ਲੰਬੀ 'ਚ ਪ੍ਰੈੱਸ ਵਾਰਤਾਲਾਪ ਦੌਰਾਨ ਜਾਣਕਾਰੀ ਦਿੰਦੇ ਹੋਏ ਮਲੋਟ ਪੁਲਸ ਕਪਤਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਦੇ ਹੋਏ ਮਾਮਲੇ ਦੀ ਤਹਿ ਤਕ ਪਹੁੰਚ ਗਈ ਹੈ ਤੇ ਇਕ ਦੋਸ਼ੀ ਨੂੰ ਕੋਟਕਪੂਰਾ ਤੋਂ ਕਾਬੂ ਕਰਨ 'ਚ ਸਫਲਤਾ ਹਾਸਲ ਹੋਈ ਹੈ। ਜਿਸ ਦੀ ਪਹਿਚਾਣ ਸੋਤਮ ਕੁਮਾਰ ਪੁੱਤਰ ਨਵੀਨ ਕੁਮਾਰ ਨਿਵਾਸੀ ਪਿੰਡ ਬਰਿਆਰਪੁਰ, ਜ਼ਿਲਾ ਮੁਗੇਰ (ਬਿਹਾਰ) ਦੇ ਤੌਰ ਤੇ ਹੋਈ ਹੈ। ਪੁਲਸ ਮੁਤਾਬਕ ਇਸ ਗਿਰੋਹ 'ਚ ਕੁੱਲ 7 ਮੈਂਬਰ ਸਨ ਤੇ ਬਾਕੀਆਂ ਦੀ ਪਹਿਚਾਣ ਬਲਰਾਮ ਕੁਮਾਰ ਉਰਫ ਬਿੱਲੂ ਪੁੱਤਰ ਵਿਨੋਦ ਨਿਵਾਸੀ ਪਿਲੇਦਾਰੀ, ਕਮਲੇਸ਼ ਕੁਮਾਰ ਪੁੱਤਰ ਸਾਲੀਗ੍ਰਾਮ, ਰੋਸ਼ਨ ਕੁਮਾਰ ਪੁੱਤਰ ਦੇਵ ਨਿਵਾਸੀਨ  ਭਾਗਲਪੁਰ, ਮਿਥੁਨ ਕੁਮਾਰ ਪੁੱਤਰ ਰਾਮਾਨੰਦ ਜ਼ਿਲਾ ਮੁਗੇਰ (ਬਿਹਾਰ) ਤੇ ਇਕ ਹੋਰ ਅਨਜਾਨ ਵਿਅਕਤੀ ਦੇ ਤੌਰ 'ਤੇ ਹੋਈ ਹੈ। ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਪ੍ਰਵਾਸੀ ਬਿਹਾਰ ਦੇ ਹਨ ਤੇ ਪੰਜਾਬ 'ਚ ਪੀ.ਓ. ਪੀ. ਕਰਨ ਦਾ ਕੰਮ ਕਰਦੇ ਸਨ। ਜੋ ਹੁਣ ਇਕ ਵਾਰ ਫਿਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਬਿਹਾਰ ਦੌੜ ਗਿਆ ਤੇ ਸਾਰੀ ਚੋਰੀ ਦੀ ਰਕਮ ਵੀ ਆਪਣੇ ਨਾਲ ਲੈ ਗਏ। ਜਿੰਨਾ ਨੂੰ ਕਾਬੂ ਕਰਨ ਦੇ ਲਈ ਪੁਲਸ ਨੇ ਬਿਹਾਰ ਦੀ ਪੁਲਸ ਦੇ ਨਾਲ ਵੀ ਤਾਲਮੇਲ ਕੀਤਾ ਤੇ ਲੰਬੀ ਤੋਂ ਵੀ ਪੁਲਸ ਪਾਰਟੀ ਇਨ੍ਹਾਂ ਚਾਰਾਂ ਦਾ ਪਿੱਛਾ ਕਰ ਰਹੀ ਹੈ। ਹੁਣ ਤਕ ਹੋਈ ਪੁੱਛਗਿੱਛ 'ਚ ਇਹ ਸਾਹਮਣੇ ਆਇਆ ਹੈ ਕਿ ਉਕਤ ਗਿਰੋਹ 22-23 ਜੁਲਾਈ ਦੀ ਰਾਤ ਨੂੰ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਕਰੀਬ 10:30 ਵਜੇ ਇਸ ਬੈਂਕ ਦੇ ਕੋਲ ਪਹੁੰਚੇ ਸਨ। ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੈਂਕ ਦੀਆਂ ਪੌੜੀਆਂ ਵਲੋਂ ਕੰਧ ਤੋੜ ਕੇ ਬੈਂਕ ਅੰਦਰ ਦਾਖਲ ਹੋ ਕੇ 1.59 ਲੱਖ ਰੁਪਏ ਮੋਡਮ, ਡੀ.ਵੀ.ਆਰ ਤੇ ਸੀ. ਸੀ. ਟੀ. ਵੀ. ਕੈਮਰਾ ਵੀ ਨਾਲ ਲੈ ਗਏ ਸਨ ਪਰ ਇਸ ਵਾਰਦਾਤ ਤੋਂ ਬਾਅਦ ਇਹ ਚੋਰ ਮੋਡਮ, ਡੀ. ਵੀ. ਆਰ. ਤੇ ਸੀ. ਸੀ. ਟੀ. ਵੀ. ਕੈਮਰੇ ਨੂੰ ਰਸਤੇ 'ਚ ਪੈਂਦੀ ਕੱਸੀ 'ਚ ਸੁੱਟ ਗਏ ਸਨ, ਜੋ ਹੁਣ ਪੁਲਸ ਨੇ ਬਰਾਮਦ ਕਰ ਲਿਆ ਹੈ ਤੇ ਜਿਸ ਦੀ ਕੀਮਤ 2:50 ਲੱਖ ਰੁਪਏ ਦੱਸੀ ਜਾ ਰਹੀ ਹੈ।