ਅੰਮ੍ਰਿਤਸਰ ਵਿਚ 3 ਨੌਜਵਾਨ ਹਥਿਆਰਾਂ ਸਣੇ ਪੁਲਸ ਅੜਿੱਕੇ

10/14/2018 8:59:41 PM

ਅੰਮ੍ਰਿਤਸਰ (ਬੌਬੀ)- ਅੰਮ੍ਰਿਤਸਰ ਦੇ ਸਪੈਸ਼ਲ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿਚ ਸਨ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਉਨ੍ਹਾਂ ਨੂੰ 12 ਬੋਰ ਡਬਲ ਬੈਰਲ ਰਾਈਫਲ ਅਤੇ 10 ਜ਼ਿੰਦਾ ਰੌਂਦ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਕਰਨ ਸਿੰਘ ਉਰਫ ਬੰਟੀ ਪੁੱਤਰ ਪਰਮਿੰਦਰ ਸਿੰਘ ਵਾਸੀ ਗਲੀ ਸਤੋਵਾਲੀ ਗੇਟ ਹਕੀਮਾ, ਸੈਮਸਨ ਮਸੀਹ ਪੁੱਤਰ ਰਫੀਕ ਮਸੀਹ ਵਾਸੀ ਗਲੀ ਪੁਲਸ ਚੌਕੀ ਵਾਲੀ ਨਵੀ ਆਬਾਦੀ ਫੈਜਪੁਰਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਨੇੜੇ ਮਾਤਾ ਭੱਦਰਕਾਲੀ ਮੰਦਰ ਖਜਾਨਾ ਗੇਟ ਤੋਂ ਗ੍ਰਿਫਤਾਰ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਸਿੰਘ, ਸੈਮਸਨ ਮਸੀਹ ਅਤੇ ਗਗਨਦੀਪ ਸਿੰਘ ਉਰਫ ਗਗਨ ਵਾਸੀ ਲੁਧਿਆਣਾ ਨੇ ਸਾਲ 2014 ਵਿਚ ਪੰਜਾਬ ਐਂਡ ਸਿੰਧ ਬੈਂਕ ਨੇੜੇ ਫੋਰ ਐਸ ਚੌਕ ਤੋਂ 12 ਬੋਰ ਡਬਲ ਬੈਰਲ ਚੋਰੀ ਕੀਤੀ ਸੀ। ਸਬ ਇੰਸਪੈਕਟਰ ਦਿਲਬਾਗ ਸਿੰਘ ਅਤੇ ਏ.ਐਸ.ਆਈ. ਜੋਗਿੰਦਰ ਸਿੰਘ ਪੁਲਸ ਪਾਰਟੀ ਸਣੇ 14 ਅਕਤੂਬਰ ਨੂੰ ਜਦੋਂ ਉਹ ਗਸ਼ਤ ਕਰ ਰਹੇ ਸਨ ਤਾਂ ਮਾਤਾ ਭੱਦਰਕਾਲੀ ਨੇੜੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਬੈਠੇ ਦੇਖਿਆ। ਪੁਲਸ ਨੂੰ ਆਪਣੇ ਵੱਲ ਆਉਂਦਿਆਂ ਦੇਖ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਨੇ ਇਕ ਚਾਦਰ ਵਿਚ ਰਾਈਫਲ ਲਪੇਟੀ ਹੋਈ ਸੀ। ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆਂਦਾ ਜਾਵੇਗਾ।

ਨਾਜਾਇਜ਼ ਪਿਸਤੌਲ ਲੈ ਕੇ ਘੁੰਮਦਾ ਜਿਮ ਮਾਲਕ ਗ੍ਰਿਫਤਾਰ- ਅੰਮ੍ਰਿਤਸਰ(ਅਰੁਣ)- ਇਸੇ ਤਰ੍ਹਾਂ ਸਪੈਸ਼ਲ ਸਟਾਫ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਨਾਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਇਕ ਜਿਮ ਮਾਲਕ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਹਰੀ ਚੰਦ ਉਰਫ ਦੇਵ ਪੁੱਤਰ ਭਗਤ ਰਾਮ ਵਾਸੀ ਇੰਦਰਪੁਰੀ 22 ਨੰਬਰ ਫਾਟਕ ਹਾਲ ਵਾਸੀ ਅੰਦਰੂਨੀ ਲੋਹਗਡ਼੍ਹ ਗੇਟ ਦੇ ਕਬਜ਼ੇ ’ਚੋਂ ਇਕ 32 ਬੋਰ ਦਾ ਪਿਸਤੌਲ ਤੇ 1 ਕਾਰਤੂਸ ਪੁਲਸ ਨੇ ਬਰਾਮਦ ਕਰ ਲਿਆ। 

ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਡੀ.ਸੀ.ਪੀ. ਇਨਵੈਸਟੀਗੇਸ਼ਨ ਜਗਮੋਹਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਇਸਲਾਮਾਬਾਦ ਇਲਾਕੇ ’ਚ ਇਕ ਵਿਅਕਤੀ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਿਹਾ ਹੈ। ਸਪੈਸ਼ਲ ਸਟਾਫ ਦੀ ਟੀਮ ਵੱਲੋਂ 22 ਨੰਬਰ ਫਾਟਕ ਨੇਡ਼ੇ ਵਿਸ਼ੇਸ਼ ਨਾਕੇਬੰਦੀ ਕਰਦਿਆਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਤਲਾਸ਼ੀ ਦੌਰਾਨ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਜਿਮ ਮਾਲਕ ਹੈ। ਡੀ. ਸੀ. ਪੀ. (ਜਾਂਚ) ਜਗਮੋਹਣ ਸਿੰਘ ਨੇ ਦੱਸਿਆ ਕਿ ਪੁਲਸ ਮੁਲਜ਼ਮ ਦਾ ਪਿਛੋਕਡ਼ ਖੰਗਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।