ਐੈੱਸ. ਐੱਸ. ਪੀ. ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਤੇ ਕਾਬੂ ਪਾਉਣ ਦੀਅਾਂ ਹਦਾਇਤਾਂ

06/24/2018 7:54:40 AM

 ਤਪਾ ਮੰਡੀ (ਮਾਰਕੰਡਾ, ਸ਼ਾਮ, ਗਰਗ) – ਜ਼ਿਲਾ ਬਰਨਾਲਾ ਦੇ ਪੁਲਸ ਮੁਖੀ ਹਰਜੀਤ ਸਿੰਘ ਨੇ ਸ਼ਨੀਵਾਰ  ਨੂੰ ਡੀ. ਐੱਸ. ਪੀ. ਦਫਤਰ  ਤਪਾ ਵਿਖੇ ਸਬ ਡਵੀਜ਼ਨ ਪੱਧਰ ਦੇ ਥਾਣਾ ਮੁਖੀਆਂ ਦੀ ਮੀਟਿੰਗ ਬੁਲਾਈ,  ਜਿਸ  ਵਿਚ  ਐੈੱਸ.  ਐੱਸ. ਪੀ. ਨੇ ਜ਼ਿਲੇ ’ਚ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਤੇ ਜ਼ਰਾਇਮਪੇਸ਼ਾ ਲੋਕਾਂ ਨੂੰ ਕਾਬੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਆਖਿਆ ਕਿ ਜਦੋਂ ਵੀ ਕਿਤੇ  ਲੁੱਟ-ਖੋਹ ਜਾਂ ਚੋਰੀ ਦੀ ਵਾਰਦਾਤ ਵਾਪਰਦੀ ਹੈ ਤਾਂ ਉਸ ਪ੍ਰਤੀ ਸਾਰੇ ਥਾਣਿਆਂ ਨੂੰ ਚੌਕਸ ਕਰ ਕੇ ਨਾਕਾਬੰਦੀ ਰਾਹੀਂ ਚੋਰਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਵੇ। ਹਰ ਮਾਮਲੇ ਨੂੰ ਕਾਹਲੀ ਨਾਲ ਦਰਜ ਨਾ ਕੀਤਾ ਜਾਵੇ, ਸਗੋਂ ਉਸਦੀ ਚੰਗੀ ਤਰ੍ਹਾਂ ਘੋਖ ਕਰ ਕੇ ਕਾਨੂੰਨੀ ਨੁਕਤਾ ਨਿਗਾਹ ਤੋਂ ਪੂਰੀ ਤਰ੍ਹਾਂ ਐੱਫ. ਆਈ. ਆਰ. ਤਿਆਰ ਕੀਤੀ ਜਾਵੇ, ਤਾਂ ਜੋ ਅਦਾਲਤ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।  ਪੱਤਰਕਾਰਾਂ ਨੇ ਐੈੱਸ.  ਐੱਸ. ਪੀ. ਦੇ ਧਿਆਨ ਵਿਚ ਲਿਆਂਦਾ ਕਿ ਕੁਝ ਪੇਸ਼ੇਵਰ ਅੌਰਤਾਂ ਅਮੀਰਜ਼ਾਦਿਆਂ ਨੂੰ ਆਪਣੇ ਚੁੰਗਲ ਵਿਚ ਫਸਾ ਕੇ ਅਸ਼ਲੀਲ ਵੀਡੀਓ ਬਣਾ ਲੈਂਦੀਆਂ ਹਨ ਅਤੇ ਬਾਅਦ ਵਿਚ ਮੋਟੇ ਪੈਸੇ ਵਸੂਲ ਕੇ ਬਲੈਕਮੇਲ ਕਰਦੀਆਂ ਹਨ, ਅਜਿਹੇ ਗਿਰੋਹਾਂ ’ਤੇ ਵੀ ਨੱਥ ਪਾਉਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਦੀ ਜਾਣਕਾਰੀ ਡੀ. ਐੱਸ. ਪੀ. ਤਪਾ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਉਹ ਸਬੰਧਤ ਧਿਰਾਂ ਦੀ ਜਾਂਚ ਕਰ ਕੇ ਰਿਪੋਰਟ ਭੇਜਣਗੇ।    ਇਸ ਮੀਟਿੰਗ ਵਿਚ ਐੱਸ. ਐੱਚ. ਓ. ਤਪਾ ਸੁਰਿੰਦਰ ਸਿੰਘ, ਐੱਸ. ਐੱਚ. ਓ. ਰੂਡ਼ੇਕੇ ਕਲਾਂ ਮਨਜੀਤ ਸਿੰਘ ਤੋਂ ਇਲਾਵਾ ਸ਼ਹਿਣਾ, ਭਦੌਡ਼ ਅਤੇ ਟੱਲੇਵਾਲ ਦੇ ਥਾਣਾ ਮੁਖੀ ਵੀ ਹਾਜ਼ਰ ਸਨ।