ਪੁਲਸ ਨੇ ਗੁਪਤ ਸੂਚਨਾ ਮਿਲਣ ''ਤੇ ਪਿੰਡ ਲੇਲੀਵਾਲਾ ਨੂੰ ਘੇਰੀ ਰੱਖਿਆ

01/20/2018 1:47:56 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ)-ਫਿਰੋਜ਼ਪੁਰ ਪੁਲਸ ਨੂੰ ਅੱਜ ਕੋਈ ਅਹਿਮ ਗੁਪਤ ਸੂਚਨਾ ਮਿਲੀ ਤਾਂ ਪੁਲਸ ਨੇ ਸਵੇਰੇ ਹੀ ਫਿਰੋਜ਼ਪੁਰ ਦੇ ਪਿੰਡ ਲੇਲੀਵਾਲਾ ਨੂੰ ਘੇਰ ਲਿਆ ਅਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਪੁਲਸ ਅਧਿਕਾਰੀ ਖੁਦ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਖੜ੍ਹੇ ਸਾਰੇ ਮੋਟਰਸਾਈਕਲਾਂ ਦੇ ਕਾਗਜ਼ਾਤ ਚੈੱਕ ਕੀਤੇ। ਪੁਲਸ ਨੂੰ ਇਸ ਗੱਲ ਦੀ ਗੁਪਤ ਸੂਚਨਾ ਮਿਲੀ ਸੀ ਕਿ ਇਥੇ ਕੁਝ ਲੋਕ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਹਨ ਅਤੇ ਪਿੰਡ ਵਿਚ ਅਜਿਹੇ ਬਹੁਤ ਸਾਰੇ ਚੋਰੀ ਦੇ ਮੋਟਰਸਾਈਕਲ ਖੜ੍ਹੇ ਹਨ। ਪੁਲਸ ਦੇ ਸਰਚ ਆਪ੍ਰੇਸ਼ਨ ਨੂੰ ਦੇਖਦੇ ਹੋਏ ਇਹ ਅਫਵਾਹ ਫੈਲ ਗਈ ਕਿ ਪਿੰਡ ਲੇਲੀਵਾਲਾ ਵਿਚ ਕੁਝ ਗੈਂਗਸਟਰ ਲੁਕੇ ਹੋਏ ਹਨ, ਜਿਨ੍ਹਾਂ ਦੀ ਪੁਲਸ ਤਲਾਸ਼ ਕਰ ਰਹੀ ਹੈ। ਸਰਚ ਆਪ੍ਰੇਸ਼ਨ ਤੋਂ ਬਾਅਦ ਪਤਾ ਚੱਲਿਆ ਕਿ ਪੁਲਸ ਨੇ ਪਿੰਡ ਦੇ ਮੌਜੂਦ ਸਾਰੇ ਮੋਟਰਸਾਈਕਲਾਂ ਦੇ ਕਾਗਜ਼ਾਤ ਚੈੱਕ ਕਰਨ ਦੇ ਲਈ ਆਪ੍ਰੇਸ਼ਨ ਚਲਾਇਆ ਸੀ ਅਤੇ ਜਿਨ੍ਹਾਂ ਲੋਕਾਂ ਦੇ ਕੋਲ ਮੋਟਰਸਾਈਕਲ ਦੇ ਕਾਗਜ਼ਾਤ ਨਹੀਂ ਸੀ, ਪੁਲਸ ਨੇ ਉਹ ਮੋਟਰਸਾਈਕਲ ਆਪਣੇ ਕਬਜ਼ੇ ਵਿਚ ਲੈ ਲਏ ਹਨ। ਪੁਲਸ ਨੇ ਲੋਕਾਂ ਨੂੰ ਕਿਹਾ ਕਿ ਕਾਗਜ਼ਾਤ ਦਿਖਾਓ ਅਤੇ ਆਪਣੇ-ਆਪਣੇ ਮੋਟਰਸਾਈਕਲ ਲੈ ਜਾਓ। ਪੁਲਸ ਵੱਲੋਂ ਕਬਜ਼ੇ ਵਿਚ ਲਏ ਗਏ ਮੋਟਰਸਾਈਕਲਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।