ਸਕੂਟਰ ''ਤੇ ਲਾਸ਼ ਲੱਦਣ ਵਾਲੇ ਮੁਲਜ਼ਮਾਂ ਦੀ ਭਾਲ ''ਚ ਪੁਲਸ

11/12/2017 5:16:37 AM

ਲੁਧਿਆਣਾ(ਪੰਕਜ)- 30 ਅਕਤੂਬਰ ਦੀ ਰਾਤ ਨੂੰ ਇਕ ਧਾਰਮਿਕ ਸਮਾਗਮ 'ਚ ਗਏ ਥਾਣਾ ਦਰੇਸੀ ਅਧੀਨ ਪੈਂਦੇ ਘਾਟੀ ਮੁਹੱਲਾ ਨਿਵਾਸੀ ਕੁਲਦੀਪ ਕੰਵਰ ਦੇ ਹੋਏ ਕਤਲ ਦੇ ਕੇਸ ਵਿਚ ਪੁਲਸ ਦੇ ਹੱਥ ਅਜਿਹੀ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ ਵਿਚ ਕਾਤਲ ਕੰਵਰ ਦੀ ਲਾਸ਼ ਨੂੰ ਸਕੂਟਰ 'ਤੇ ਲੱਦ ਕੇ ਲਿਜਾਂਦੇ ਦਿਖਾਈ ਦਿੰਦੇ ਹਨ। ਫੁਟੇਜ ਦੀ ਮਦਦ ਨਾਲ ਪੁਲਸ ਕਾਤਲਾਂ ਦੀ ਭਾਲ ਵਿਚ ਲੱਗ ਗਈ ਹੈ। ਯਾਦ ਰਹੇ ਕਿ ਪੁਲਸ ਨੂੰ ਕੰਵਰ ਦੀ ਖੂਨ ਨਾਲ ਲਥਪਥ ਲਾਸ਼ ਬੁੱਢੇ ਨਾਲੇ ਕੋਲੋਂ ਮਿਲੀ ਸੀ। ਮ੍ਰਿਤਕ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਘਰੋਂ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਦੀ ਗੱਲ ਕਹਿ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਮਿਲੀ। ਦਰੇਸੀ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਪੁਲਸ ਦੇ ਹੱਥ ਇਕ ਅਜਿਹੀ ਫੁਟੇਜ ਲੱਗੀ, ਜਿਸ ਨੇ ਕੇਸ ਨੂੰ ਸੁਲਝਾਉਣ ਦਾ ਰਸਤਾ ਸਾਫ ਕਰ ਦਿੱਤਾ ਹੈ। ਇਸ ਫੁਟੇਜ ਵਿਚ 2 ਸ਼ੱਕੀ ਕੰਵਰ ਦੀ ਲਾਸ਼ ਨੂੰ ਸਕੂਟਰ 'ਤੇ ਲੱਦ ਕੇ ਲਿਜਾਂਦੇ ਦਿਖਾਈ ਦਿੰਦੇ ਹਨ। ਫੁਟੇਜ ਵਿਚ ਕੰਵਰ ਦਾ ਚਿਹਰਾ ਕੱਪੜੇ ਨਾਲ ਢਕਿਆ ਹੋਇਆ ਹੈ ਅਤੇ ਇਕ ਨੀਲੀ ਕਮੀਜ਼ ਪਹਿਨੀ ਕਾਤਲ ਜਿਸ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਹੈ, ਉਸ ਜਗ੍ਹਾ ਤੋਂ ਵਾਪਸ ਆਉਂਦਾ ਦਿਖਾਈ ਦਿੰਦਾ ਹੈ ਜਿਥੋਂ ਕੰਵਰ ਦੀ ਲਾਸ਼ ਮਿਲੀ ਸੀ। ਮੋਬਾਇਲ 'ਤੇ ਨਾਲ-ਨਾਲ ਗੱਲ ਕਰਨ ਵਾਲੇ ਇਸ ਕਾਤਲ ਦੀ ਭਾਲ 'ਚ ਲੱਗੀ ਪੁਲਸ ਨੇ ਕਈ ਸ਼ੱਕੀਆਂ ਨੂੰ ਵੀ ਹਿਰਾਸਤ ਵਿਚ ਲਿਆ ਹੈ।