ਖੁਲਾਸਾ : ਝੂਠੇ ਕੇਸ ''ਚ ਫਸਾਉਣ ਦੀ ਧਮਕੀ ਦੇਣ ਵਾਲੀਆਂ ਔਰਤਾਂ ਪਿਛਲੇ ਤਿੰਨ ਸਾਲ ਤੋਂ ਲੋਕਾਂ ਨੂੰ ਬਣਾ ਰਹੀਆਂ ਸੀ ਸ਼ਿਕਾਰ

07/05/2017 1:43:25 PM

ਜਲਾਲਾਬਾਦ (ਸੇਤੀਆ) : ਡਾ. ਕੇਤਨ ਬਾਲੀਰਾਮ ਪਾਟਿਲ ਆਈ. ਪੀ. ਐੱਸ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਦੇ ਨਿਰਦੇਸ਼ਾਂ ਹੇਠ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਕੀਤੀ ਗਈ ਕਾਰਵਾਈ ਨਾਲ ਕਾਫੀ ਨਤੀਜੇ ਸਾਹਮਣੇ ਆ ਰਹੇ ਹਨ। ਪੁਲਸ ਨੇ ਭੋਲੇਭਾਲੇ ਲੋਕਾਂ ਨੂੰ ਬਲਾਤਕਾਰ ਜਿਹੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਠੱਗਣ ਵਾਲੇ ਗਿਰੋਹ ਨੂੰ ਫੜਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਫਾਜ਼ਿਲਕਾ ਦੇ ਡੀਐਸਪੀ ਰਾਹੁਲ ਭਾਰਦਵਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਚਾਰਜ ਸੀਆਈਏ ਪੰਜਾਬ ਸਿੰਘ ਅਤੇ ਐਲ.ਐਸ.ਆਈ ਪਰਮੀਲਾ ਰਾਣੀ ਥਾਣਾ ਸਿਟੀ ਜਲਾਲਾਬਾਦ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ ਕਰਕੇ ਕੁੱਲ 7 ਦੋਸ਼ੀਆਂ 'ਚੋਂ 6 ਨੂੰ ਗ੍ਰਿਫਤਾਰ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਪਰਮੀਲਾ ਰਾਣੀ ਸਮੇਤ ਪੁਲਸ ਪਾਰਟੀ ਇਲਾਕਾ ਵਿੱਚ ਗਸ਼ਤ ਦੌਰਾਨ ਗੁਪਤ ਇਤਲਾਹ ਮਿਲੀ ਕਿ ਹਰਦੇਵ ਸਿੰਘ ਪੁਤਰ ਫੁੰਮਣ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਸ਼ਿਮਲਾ ਰਾਣੀ ਪਤਨੀ ਹਰਦੇਵ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਨਿਰਮਲਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਸੁਖਵਿੰਦਰ ਕੌਰ ਉਰਫ ਪਾਇਲ ਪਤਨੀ ਚੰਦ ਵਾਸੀ ਕਮਰੇ ਵਾਲਾ, ਗੁੱਡੋ ਰਾਣੀ ਪਤਨੀ ਬਲਵੀਰ ਸਿੰਘ ਵਾਸੀ ਲੱਲਾ ਬਸਤੀ ਜਲਾਲਾਬਾਦ ਅਤੇ ਪਰਮਜੀਤ ਕੌਰ ਉਰਫ ਪੰਮੀ ਪਤਨੀ ਭਜਨ ਲਾਲ ਵਾਸੀ ਅਮੀਰ ਖਾਸ ਜਿੰਨ੍ਹਾਂ ਨੇ ਗਿਰੋਹ ਬਣਾਇਆ ਹੈ। ਇਸ ਗਿਰੋਹ ਵਿਚ ਮੋਹਤਬਾਰ ਬੰਦਿਆਂ ਨੂੰ ਵਰਗਲਾ ਕੇ ਬਹਾਨੇ ਨਾਲ ਜਲਾਲਾਬਾਦ ਵਿਖੇ ਮੱਛਰ ਕਾਲੋਨੀ ਆਪਣੇ ਘਰ ਬੁਲਾ ਲੈਂਦੇ ਹਨ ਅਤੇ ਮੌਕੇ 'ਤੇ ਘਰ ਵਿਚ ਪਹਿਲਾਂ ਹੀ ਮੌਜੂਦ ਔਰਤਾਂ ਵਿਚੋਂ ਇਕ ਆਪਣੇ ਕੱਪੜੇ ਫਾੜ੍ਹ ਲੈਂਦੀ ਹੈ ਜਾਂ ਕਪੜੇ ਉਤਾਰ ਕੇ ਮੋਬਾਇਲ ਫੋਨ ਰਾਹੀਂ ਆਪਣੀ ਅਤੇ ਫਸਾਏ ਗਏ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਲੈਂਦੇ ਹਨ ਅਤੇ ਮੌਕੇ ਤੇ ਸੁਰਿੰਦਰ ਮੱਕੜ ਵਕੀਲ ਨੂੰ ਬੁਲਾ ਕੇ ਆਪਣੇ ਜਾਲ ਵਿਚ ਫਸਾਏ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਉੱਪਰ ਝੂਠਾ ਰੇਪ ਦਾ ਇਲਜਾਮ ਲਗਾ ਕੇ ਉਸਨੂੰ ਬਲੈਕਮੇਲ ਕਰਦੇ ਹਨ।ਉਕਤ ਦੋਸ਼ੀਆਂ ਖਿਲਾਫ 420,384,389,120 ਬੀ ਥਾਣਾ ਸਿਟੀ ਜਲਾਲਾਬਾਦ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।  
ਮੀਡੀਆ ਵਲੋਂ ਪੁੱਛੇ ਜਾਣ ਤੇ ਕਿ ਅੱਜ ਬਾਰ ਐਸੋਸੀਏਸ਼ਨ ਵਲੋਂ ਵਕੀਲ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੋਲ ਵਕੀਲ ਦੇ ਖਿਲਾਫ ਪੁਖਤਾ ਸਬੂਤ ਹਨ ਅਤੇ ਜੇਕਰ ਬਾਰ ਐਸੋਸੀਏਸ਼ਨ ਅਸਲੀਅਤ ਜਾਨਣਾ ਚਾਹੁੰਦੀ ਹੈ ਤਾਂ ਉਹ ਪੁਲਸ ਕੋਲ ਹਕੀਕਤ ਜਾਣ ਸਕਦੀ ਹੈ। ਇਸ ਤੋਂ ਇਲਾਵਾ ਉਕਤ ਕੇਸ ਵਿਚ ਪੁਲਸ ਕਰਮਚਾਰੀਆਂ ਦੇ ਸ਼ਾਮਲ ਹੋਣ ਸੰਬੰਧੀ ਪੁੱਛੇ ਸਵਾਲਾਂ ਬਾਰੇ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਭਾਵੇਂ ਕੋਈ ਕਰਮਚਾਰੀ ਹੋਵੇ ਜਾਂ ਅਧਿਕਾਰੀ ਪੁਲਸ ਵਲੋਂ ਇਸ ਦੀ ਗਹਿਰਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਜੇਕਰ ਭਵਿੱਖ ਵਿਚ ਕੋਈ ਵੀ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਠੱਗੀ ਗਈ ਰਕਮ ਸੰਬੰਧੀ ਜਾਣਕਾਰੀ ਲਈ ਜਾਵੇਗੀ। ਉਧਰ ਫੜ੍ਹੀਆਂ ਗਈਆਂ ਔਰਤਾਂ ਕੋਲੋਂ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਧੰਦੇ ਵਿੱਚ ਸ਼ਾਮਿਲ ਸਨ ਅਤੇ ਉਹ ਕਰੀਬ 1 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਲੋਕਾਂ ਕੋਲੋਂ ਵਸੂਲ ਚੁੱਕੀਆਂ ਹਨ।