ਮੋਗਾ ਪੁਲਸ ਵੱਲੋਂ ਲੁੱਟ ਦੀ ਘਟਨਾ ਦਾ ਪਰਦਾਫਾਸ਼, ਪੈਟਰੋਲ ਪੰਪ ਦਾ ਮੈਨੇਜਰ ਹੀ ਨਿਕਲਿਆ ਮਾਸਟਰ ਮਾਈਂਡ

03/06/2022 6:01:03 PM

ਮੋਗਾ (ਗੋਪੀ ਰਾਊਕੇ) : ਬੀਤੀ 5 ਮਾਰਚ ਨੂੰ ਮੋਗਾ-ਬਰਨਾਲਾ ਹਾਈਵੇ ’ਤੇ ਸਥਿਤ ਭਾਰਤ ਪੈਟਰੋਲੀਅਮ ਪੰਪ ਤੋਂ ਉਨ੍ਹਾਂ ਦੇ ਮੈਨੇਜਰ ਨਿਰਭੈ ਸਿੰਘ ਅਤੇ ਸੇਲਜਮੈਨ ਪ੍ਰਦੀਪ ਕੁਮਾਰ ਪੰਪ ਤੋਂ 3 ਲੱਖ 65 ਹਜ਼ਾਰ ਰੁਪਏ ਕੈਸ਼ ਲੈ ਕੇ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਜਮ੍ਹਾਂ ਕਰਾਉਣ ਲਈ ਜਾ ਰਹੇ ਸੀ ਤਾਂ ਦੋ ਨਾਮਾਲੂਮ ਵਿਅਕਤੀ, ਮੈਨੇਜਰ ਨਿਰਭੈ ਸਿੰਘ ਦੀ ਕੁੱਟਮਾਰ ਕਰ ਕੇ ਜ਼ਬਰਦਸਤੀ ਕੈਸ਼ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਸੀਨੀਅਰ ਕਪਤਾਨ ਪੁਲਸ ਮੋਗਾ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਪਤਾਨ ਪੁਲਸ (ਆਈ) ਮੋਗਾ ਰੁਪਿੰਦਰ ਕੌਰ ਭੱਟੀ ਅਤੇ ਸਹਾਇਕ ਕਪਤਾਨ ਪੁਲਸ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਮੋਗਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਕੱਦਮਾ ਨੰਬਰ 33 ਮਿਤੀ 05-03-22 ਅ/ਧ 382 ਭ.ਦ ਥਾਣਾ ਨਿਹਾਲ ਸਿੰਘ ਬਿਆਨ ਰਾਹੁਲ ਗਰੋਵਰ ਪੁੱਤਰ ਜਸਪਾਲ ਗਰੋਵਰ ਵਾਸੀ ਪਿੰਡ ਮੱਲਾਂਵਾਲਾ ਦਰਜ ਕੀਤਾ ਗਿਆ।

ਸੀਨੀਅਰ ਕਪਤਾਨ ਪੁਲਸ ਮੋਗਾ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਸਲ ਵਿਚ ਇਸ ਖੋਹ ਦੀ ਸਾਜ਼ਿਸ਼ ਪੈਟਰੋਲ ਪੰਪ ਦੇ ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ ਨੇ ਖੁਦ ਰਚੀ ਸੀ। ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ, ਸੈਲਜਮੈਨ ਲਵਪ੍ਰੀਤ ਸਿੰਘ ਉਰਫ਼ ਲਵੀ, ਬਲਵੰਤ ਸਿੰਘ ਉਰਫ਼ ਮੋਟੂ ਅਤੇ ਇੰਦਰਜੀਤ ਸਿੰਘ ਉਰਫ਼ ਗੋਲਾ ਵਾਸੀ ਪਿੰਡ ਭਾਗੀਕੇ ਨੇ ਇਸ ਫਰਜ਼ੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਿਰਭੈ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਪੈਟਰੋਲ ਪੰਪ ਦੇ ਪੈਸਿਆਂ ਵਿਚੋਂ 2 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਇਸ ਹੇਰਾਫੇਰੀ ’ਤੇ ਪਰਦਾ ਪਾਉਣ ਲਈ ਉਸਨੇ ਸਾਜ਼ਿਸ਼ ਰਚੀ ਅਤੇ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 05-03-22 ਨੂੰ ਉਹ 1.65 ਲੱਖ ਰੁਪਏ ਦੀ ਨਗਦੀ ਲੈ ਕੇ ਜਾ ਰਿਹਾ ਸੀ, ਪਰ ਇਸ ਸਾਜ਼ਿਸ਼ ਰਾਹੀਂ ਕੀਤੀ ਗਈ ਲੁੱਟ ਖੋਹ ਰਾਹੀਂ ਆਪਣੀ ਪਿਛਲੀ ਹੇਰਾਫੇਰੀ ਨੂੰ ਲੁਕਾਉਣ ਲਈ ਰਕਮ ਨੂੰ 3.65 ਲੱਖ ਰੁਪਏ ਦੇ ਰੂਪ ਵਿਚ ਗਲਤ ਦੱਸਿਆ ਹੈ। ਪੈਟਰੋਲ ਪੰਪ ਦੀਆਂ ਅਕਾਊਂਟ ਬੁੱਕਾਂ ਦੀ ਤਸਦੀਕ ਕੀਤੀ ਤਾਂ ਮਾਲਕ ਨੇ ਦੱਸਿਆ ਕਿ ਉਕਤ ਮਿਤੀ ਤੇ ਪੈਟਰੋਲ ਪੰਪ ਦੇ ਮੈਨੇਜਰ ਵੱਲੋਂ 1.65 ਹਜ਼ਾਰ ਦੀ ਰਕਮ ਲਿਜਾਈ ਜਾ ਰਹੀ ਸੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਤਕਨੀਕੀ ਵਿਸ਼ਲੇਸ਼ਨ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰ ਕੇ ਚੰਦ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਚਾਰੇ ਦੋਸ਼ੀਆਂ ਨੂੰ ਅੱਜ ਮਿਤੀ 6-3-22 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਪਾਸੋਂ 1 ਲੱਖ 65 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਉਰਫ ਮੋਟੂ ਪੁੱਤਰ ਮਹਿੰਦਰ ਸਿੰਘ ਵਾਸੀ ਭਾਗੀਕੇ ਦੇ ਖ਼ਿਲਾਫ਼ ਪਹਿਲਾਂ ਵੀ ਮੁਕੱਦਮਾ ਨੰਬਰ 99 ਮਿਤੀ 23-7-19 ਅ/ਧ 379, 379 ਬੀ ਥਾਣਾ ਦਿਆਲਪੁਰਾ, ਬਠਿੰਡਾ ਦਰਜ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਮੱਲੇਆਣਾ ਵਿਚ ਅਣਪਛਾਤੇ ਲੁਟੇਰਿਆਂ ਵੱਲੋਂ ਸਾਢੇ 3 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਲੁੱਟੀ ਗਈ ਸੀ। ਉਕਤ ਘਾਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਜਲਦ ਹੀ ਉਕਤ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ। ਪੁਲਸ ਵੱਲੋਂ ਉਨ੍ਹਾਂ ਦੇ ਸ਼ੱਕੀ ਠਿਕਾਣਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੋਗਾ ਪੁਲਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਦੇ ਲਈ ਦੂਸਰੇ ਜ਼ਿਲ੍ਹਿਆਂ ਦੇ ਨਾਲ ਲੱਗਦੀ ਸੀਮਾ ’ਤੇ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੁੱਟ ਖੋਹ ਦੀ ਘਟਨਾ ਨੂੰ ਜ਼ਿਆਦਾਤਰ ਜ਼ਮਾਨਤ ’ਤੇ ਆਏ ਗਲਤ ਅਨਸਰ ਅੰਜਾਮ ਦਿੰਦੇ ਹਨ। ਮੋਗਾ ਪੁਲਸ ਜ਼ਮਾਨਤ ’ਤੇ ਰਿਹਾ ਹੋਏ ਸਾਰੇ ਗਲਤ ਅਨਸਰਾਂ ਦੇ ਰਿਕਾਰਡ ਨੂੰ ਵੀ ਖੰਗਾਲ ਰਹੀ ਹੈ। ਕਾਬੂ ਕੀਤੇ ਗਏ ਚਾਰ ਕਥਿਤ ਲੁਟੇਰਿਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Gurminder Singh

This news is Content Editor Gurminder Singh