ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਦੋ ਨੂੰ ਕੀਤਾ ਕਾਬੂ

03/21/2018 3:21:46 PM

ਗੁਰਦਾਸਪੁਰ (ਵਿਨੋਦ, ਨੰਦਾ ) : ਪੁਲਸ ਵੱਲੋਂ ਇਕ ਔਰਤ ਸਮੇਤ ਦੋ ਦੋਸ਼ੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਸ਼ਾਮ ਲਾਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਨਰਿੰਦਰ ਕੁਮਾਰ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਗੀਤਾ ਭਵਨ ਰੋਡ ਗੁਰਦਾਸਪੁਰ ਤੇ ਮੁਹੱਲਾ ਬਾਲਮੀਕੀ ਨਿਵਾਸੀ ਗੋਬਿੰਦ ਪੁੱਤਰ ਕੁਕੂ ਮਸੀਹ ਦੇ ਘਰ ਵਿਚ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਦੋਸ਼ੀ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੁਲਸ ਪਾਰਟੀ ਨੇ ਇਸ ਸੂਚਨਾ ਦੇ ਆਧਾਰ ਤੇ ਦੋਸ਼ੀ ਗੋਬਿੰਦ ਦੇ ਘਰ 'ਤੇ ਛਾਪਾ ਮਾਰਿਆ ਤਾਂ ਉਸ ਨੂੰ 16 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ। ਇਸੇ ਤਰ੍ਹਾਂ ਦੋਰਾਂਗਲਾ ਪੁਲਸ ਸਟੇਸ਼ਨ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਕਰਮਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਅੱਡਾ ਗਾਹਲੜੀ 'ਤੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਇਕ ਔਰਤ ਚੈਵਲਾ ਪਤਨੀ ਵਿਜੇ ਕੁਮਾਰ ਨਿਵਾਸੀ ਪਿੰਡ ਗਾਹਲੜੀ ਨੂੰ 7500 ਮਿ. ਲੀਟਰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ।