ਮਾਮਲਾ ਰਿਹਾਇਸ਼ੀ ਮਕਾਨ ਦਾ, ਪਿੰਡ ਕੱਲਾਂ ਦੇ ਵਸਨੀਕ ਨੇ ਲਾਇਆ ਪੁਲਸ ''ਤੇ ਪ੍ਰੇਸ਼ਾਨ ਕਰਨ ਦਾ ਦੋਸ਼

10/17/2017 11:20:41 AM

ਤਰਨਤਾਰਨ (ਬਿਊਰੋ) - ਪਿੰਡ ਕੱਲਾਂ ਦੇ ਵਸਨੀਕ ਮਿਲਖਾ ਸਿੰਘ ਪੁੱਤਰ ਤਾਰਾ ਸਿੰਘ ਨੇ ਪੁਲਸ ਮੁਲਾਜ਼ਮਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਿੰਡ ਕੱਲਾਂ ਵਿਖੇ ਸਥਿਤ ਆਪਣੇ ਮਾਲਕੀ ਘਰ ਵਿਚ ਰਹਿ ਰਹੇ ਹਨ ਅਤੇ ਕੁਝ ਸਾਲਾਂ ਤੋਂ ਅੰਮ੍ਰਿਤਸਰ ਚਲੇ ਗਏ ਸਨ। ਹੁਣ ਜਦੋਂ ਅਸੀਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਵਾਪਸ ਆਪਣੇ ਘਰ ਪਿੰਡ ਕੱਲਾਂ ਵਿਖੇ ਪੁੱਜੇ ਤਾਂ ਸਾਨੂੰ ਪਤਾ ਲੱਗਾ ਕਿ ਸਾਡੇ ਨਜ਼ਦੀਕ ਹੀ ਰਹਿੰਦੇ ਇਕ ਵਿਅਕਤੀ ਵੱਲੋਂ ਫਰਜ਼ੀ ਦਸਤਾਵੇਜ਼ ਬਣਾ ਕੇ ਸਾਡੇ ਘਰ 'ਤੇ ਆਪਣਾ ਕਬਜ਼ਾ ਕਰ ਲਿਆ ਗਿਆ, ਜਦਕਿ ਅਸੀਂਂ ਕਿਸੇ ਨੂੰ ਵੀ ਆਪਣਾ ਘਰ ਨਹੀਂ ਵੇਚਿਆ। 
ਇਸ ਸਬੰਧੀ ਜਦੋਂ ਅਸੀਂ ਪੁਲਸ ਪਾਸ ਗਏ ਤਾਂ ਉਨ੍ਹਾਂ ਵੀ ਸਾਨੂੰ ਘਰ ਜਲਦੀ ਖਾਲੀ ਕਰਨ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਤੰਗ ਆ ਕੇ ਅਸੀਂ ਮਾਣਯੋਗ ਅਦਾਲਤ ਦਾ ਸਹਾਰਾ ਲਿਆ ਹੈ, ਜਿਸ ਦੇ ਬਾਵਜੂਦ ਵੀ ਪੁਲਸ ਮੁਲਾਜ਼ਮ ਸਾਡੇ ਉਪਰ ਘਰੋਂ ਬਾਹਰ ਨਿਕਲਣ ਦਾ ਦਬਾਅ ਬਣਾ ਕੇ ਸਾਨੂੰ ਸਵੇਰੇ-ਸ਼ਾਮ ਤੰਗ ਕਰ ਰਹੇ ਹਨ। 
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਲਸ ਦੀ ਦਖਲਅੰਦਾਜ਼ੀ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ, ਜਿਸ ਦਾ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ। ਇਸ ਸਬੰਧੀ ਥਾਣਾ ਸਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਕਿਸੇ ਧਿਰ ਨੂੰ ਵੀ ਤੰਗ-ਪ੍ਰੇਸ਼ਾਨ ਨਹੀਂ ਕੀਤਾ ਅਤੇ ਦੋਵਾਂ ਧਿਰਾਂ ਦੀ ਸ਼ਿਕਾਇਤ ਸਾਡੇ ਪਾਸ ਪੁੱਜ ਚੁੱਕੀ ਹੈ, ਜਿਸ ਦੀ ਜਾਂਚ ਜਾਰੀ ਹੈ।