ਹਰੀ ਨੌ ਵਿਖੇ ਵਾਪਰੀ ਚੋਰੀ ਦੀ ਘਟਨਾ ''ਚ ਪੁਲਸ ਨੂੰ ਮਿਲੀ ਸਫ਼ਲਤਾ, ਚੋਰੀ ਦੇ ਸਮਾਨ ਸਮੇਤ ਤਿੰਨ ਗ੍ਰਿਫ਼ਤਾਰ

08/22/2017 11:02:03 AM

ਕੋਟਕਪੂਰਾ, (ਨਰਿੰਦਰ ਬੈੜ) - ਨੇੜਲੇ ਪਿੰਡ ਹਰੀ ਨੌ ਵਿਖੇ ਹੋਈ ਚੋਰੀ ਦੇ ਮਾਮਲੇ 'ਚ ਥਾਣਾ ਸਦਰ ਪੁਲਸ ਕੋਟਕਪੂਰਾ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧ ਸੋਮਵਾਰ ਸ਼ਾਮ ਡੀ. ਐੱਸ. ਪੀ. ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕੋਟਕਪੂਰਾ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਗੁਰਪਿਆਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਹਰੀ ਨੌ ਦੇ ਬਿਆਨਾਂ 'ਤੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਖੇਮ ਚੰਦ ਪ੍ਰਾਸ਼ਰ ਦੀ ਹਦਾਇਤ ਅਨੁਸਾਰ ਏ. ਐੱਸ. ਆਈ. ਗੁਰਜੰਟ ਸਿੰਘ ਨੇ ਸਮੇਤ ਪੁਲਸ ਪਾਰਟੀ ਕਾਰਵਾਈ ਕਰਦੇ ਹੋਏ ਪਰਮਿੰਦਰ ਸਿੰਘ ਤੇ ਸਰਬਜੀਤ ਸਿੰਘ ਵਾਸੀ ਕੋਟਲੀ ਸੰਘਰ ਅਤੇ ਚਮਕੌਰ ਸਿੰਘ ਵਾਸੀ ਝਬੇਲਵਾਲੀ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਸਾਢੇ ਪੰਜ ਤੋਲੇ ਸੋਨੇ ਦੇ ਗਹਿਣੇ, 12 ਤੋਲੇ ਚਾਂਦੀ ਦੇ ਗਹਿਣੇ, ਇਕ ਟੱਚ ਸਕਰੀਨ ਮੋਬਾਇਲ ਅਤੇ ਇਕ ਸਿਮਕੋ ਘੜੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਸਮਾਨ ਦੀ ਅੰਦਾਜ਼ਨ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਫ਼ੜੇ ਗਏ ਇਨ੍ਹਾਂ ਵਿਅਕਤੀਆਂ 'ਚੋਂ ਕਿਸੇ 'ਤੇ ਵੀ ਪਹਿਲਾਂ ਕੋਈ ਪਰਚਾ ਦਰਜ ਹੋਣ ਬਾਰੇ ਪੜਤਾਲ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਗੁਰਪਿਆਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਹਰੀ ਨੌ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਹ 6 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ 'ਚ ਸੁੱਤਾ ਹੋਇਆ ਸੀ। ਇਸ ਦੌਰਾਨ ਜਦ ਉਨ੍ਹਾਂ ਸਵੇਰੇ ਪੰਜ ਵਜੇ ਉੱਠ ਕੇ ਕਮਰੇ 'ਚ ਜਾ ਕੇ ਵੇਖਿਆ ਤਾਂ ਉੱਥੇ ਪਈ ਲੋਹੇ ਦੀ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਉਸ 'ਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਗਾਇਬ ਸਨ। ਇਸ ਮੌਕੇ ਐੱਸ. ਐੱਚ. ਓ. ਥਾਣਾ ਸਦਰ ਖੇਮ ਚੰਦ ਪ੍ਰਾਸ਼ਰ, ਜਸਵਿੰਦਰ ਸਿੰਘ ਰੀਡਰ ਅਤੇ ਗੁਰਵਿੰਦਰ ਸਿੰਘ ਪੀ. ਐੱਸ. ਓ. ਵੀ ਹਾਜ਼ਰ ਸਨ।