ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਘੇਰਿਆ ਥਾਣਾ

11/16/2018 2:50:40 PM

ਬਟਾਲਾ (ਬੇਰੀ) : ਬੀਤੀ 7 ਨਵੰਬਰ ਨੂੰ ਹੋਈ ਆਪਣੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਸਿਵਲ ਲਾਈਨ ਪੁਲਸ ਵਲੋਂ ਸਬੰਧਤ ਗੱਡੀ ਚਾਲਕ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਪਰਿਵਾਰ ਨਾਲ ਆਣ ਖੜ੍ਹੀ ਹੋਈ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੀ 7 ਨਵੰਬਰ ਨੂੰ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਮਹਿੰਦਰਪਾਲ ਤੇ ਸੁਰਿੰਦਰਪਾਲ ਆਪਣੇ ਭਤੀਜੇ ਸ਼ਿਵ ਕੁਮਾਰ ਨਾਲ ਸੈਰ ਕਰਦੇ ਹੋਏ ਜਦੋਂ ਗੁਰੂ ਨਾਨਕ ਸਕੂਲ ਦੇ ਸਾਹਮਣੇ ਪਹੁੰਚੇ ਸੀ ਤਾਂ ਇਕ ਤੇਜ਼ ਰਫਤਾਰ ਕਾਰ ਸ਼ਿਵ ਕੁਮਾਰ ਪੁੱਤਰ ਬਲਦੇਵ ਰਾਜ ਤੇ ਨਰੇਸ਼ ਕੁਮਾਰ ਪੁੱਤਰ ਪਰਮਜੀਤ ਨੂੰ ਜ਼ੋਰਦਾਰ ਟੱਕਰ ਮਾਰ ਕੇ ਫਰਾਰ ਹੋ ਗਈ ਸੀ ਅਤੇ ਸਿੱਟੇ ਵਜੋਂ ਸ਼ਿਵ ਕੁਮਾਰ ਦੀ ਮੌਤ ਹੋ ਗਈ ਸੀ ਜਦਕਿ ਨਰੇਸ਼ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਸਬੰਧੀ ਪੁਲਸ ਨੇ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਦਿੱਤਾ ਸੀ ਪਰ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਅੱਜ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੀੜਤਾਂ ਦੇ ਹੱਕ ਵਿਚ ਨਿੱਤਰ ਆਈ, ਜਿਸ 'ਤੇ ਬਸਪਾ ਦੇ ਜ਼ਿਲਾ ਪ੍ਰਧਾਨ ਪਲਵਿੰਦਰ ਸਿੰਘ ਬਿੱਕਾ ਤੇ ਜ਼ੋਨ ਕੋਆਰਡੀਨੇਟਰ ਐਡਵੋਕੇਟ ਥੋੜੂ ਰਾਮ ਨੇ ਪੀੜਤ ਪਰਿਵਾਰ ਨਾਲ ਐੱਸ.ਐੱਸ.ਪੀ. ਦਫਤਰ ਮੂਹਰੇ ਪਹੁੰਚ ਕੇ ਪੁਲਸ ਚੌਕੀ ਸਿੰਬਲ ਵਲੋਂ ਕਾਰਵਾਈ ਨਾ ਕੀਤੇ ਜਾਣ 'ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਹੈ ਕਿ ਪੁਲਸ ਪ੍ਰਸ਼ਾਸਨ ਘਟਨਾਸਥਲ ਦੇ ਕੋਲ ਸਥਿਤ ਦੁਕਾਨਾਂ ਅਤੇ ਬੈਂਕਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾਵੇ ਤਾਂ ਜੋ ਇਸ ਕੇਸ ਵਿਚ ਸਬੰਧਤ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਇਸ ਤੋਂ ਬਾਅਦ ਬਸਪਾ ਆਗੂ ਪੀੜਤ ਪਰਿਵਾਰ ਸਮੇਤ ਥਾਣਾ ਸਿਵਲ ਲਾਈਨ ਵਿਖੇ ਪਹੁੰਚੇ ਜਿਥੇ ਐੱਸ.ਐੱਚ.ਓ ਸਿਵਲ ਲਾਈਨ ਪਰਮਜੀਤ ਸਿੰਘ ਨੇ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਗੁਰਮਿੰਦਰ ਸਿੰਘ ਢਿੱਲੋਂ ਜਲਦ ਤੋਂ ਜਲਦ ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤਾਂ ਜੋ ਪੀੜਤ ਪਰਿਵਾਰ ਨੂੰ ਨਿਆਂ ਮਿਲ ਸਕੇ।