ਲੁਧਿਆਣਾ ਪਲਾਸਟਿਕ ਫੈਕਟਰੀ ਹਾਦਸੇ ਦੀ ਹੋਵੇਗੀ ਜਾਂਚ : ਕੈਪਟਨ

11/20/2017 3:34:27 PM

ਚੰਡੀਗੜ੍ਹ (ਮਨਮੋਹਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ 'ਚ ਵਾਪਰੇ ਪਲਾਸਟਿਕ ਫੈਕਟਰੀ ਹਾਦਸੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰ ਵਲੋਂ ਜਦੋਂ ਇਸ ਹਾਦਸੇ ਦੇ ਸੰਬੰਧ ਵਿਚ ਮੁੱਖ ਮੰਤਰੀ ਪਾਸੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਹਾਦਸੇ ਸੰਬੰਧੀ ਮੀਡੀਆ ਕੋਲੋਂ ਹੀ ਪਤਾ ਲੱਗਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੰਨਾ ਵੱਡਾ ਹਾਦਸਾ ਆਖਿਰ ਕਿਵੇਂ ਵਾਪਰਿਆ ਅਤੇ ਕਿਵੇਂ ਇੰਨੀ ਵੱਡੀ ਬਿਲਡਿੰਗ ਢਹਿ-ਢੇਰੀ ਹੋ ਗਈ ਇਸ ਦੀ ਜਾਂਚ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਲੁਧਿਆਣਾ ਦੇ ਸੂਫੀਆ ਚੌਕ ਨੇੜੇ ਸੋਮਵਾਰ ਤੜੇਕੇ ਪੰਜ ਮੰਜ਼ਿਲਾਂ ਪਲਾਸਟਿਕ ਫੈਕਟਰੀ ਨੂੰ ਪਹਿਲਾਂ ਤਾਂ ਭਿਆਨਕ ਅੱਗ ਲੱਗ ਗਈ ਅਤੇ ਜਦੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅਤੇ ਹੋਰ ਲੋਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਅਚਾਨਕ ਫੈਕਟਰੀ ਢਹਿ-ਢੇਰੀ ਹੋ ਗਈ। ਜਿਸ ਕਾਰਨ ਦਰਜਨ ਦੇ ਕਰੀਬ ਵਿਅਕਤੀ ਮਲਬੇ ਹੇਠਾਂ ਦੱਬੇ ਗਏ। ਫਿਲਹਾਲ ਐੱਨ. ਡੀ. ਆਰ. ਐੱਫ. ਦੀ ਟੀਮ, ਫੌਜ ਅਤੇ ਪੁਲਸ ਪ੍ਰਸ਼ਾਸਨ ਵੱਡੇ ਪੱਧਰ 'ਤੇ ਰਾਹਤ ਕਾਰਜ ਵਿਚ ਲੱਗੇ ਹੋਏ ਹਨ।