ਪੰਜਾਬ ''ਚ ਖਾਲਿਸਤਾਨ ਦੀ ਵਾਪਸੀ ਦਾ ਕੈਨੇਡਾ ''ਚ ਪਲਾਨ

02/10/2018 7:36:34 AM

ਜਲੰਧਰ  (ਰਕੇਸ਼ ਬਹਿਲ, ਸੋਮਨਾਥ ਕੈਂਥ) - ਪੰਜਾਬ 'ਚ ਖਾਲਿਸਤਾਨ ਦੀ ਵਾਪਸੀ ਦਾ ਪਲਾਨ ਕੈਨੇਡਾ 'ਚ ਤਿਆਰ ਹੋ ਰਿਹਾ ਹੈ। ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ 'ਚ ਕਈ ਅਜਿਹੇ ਮਾਡਿਊਲ ਕੰਮ ਕਰ ਰਹੇ ਹਨ, ਜੋ ਪਾਕਿ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਮਿਲ ਕੇ ਪੰਜਾਬ 'ਚ ਦੁਬਾਰਾ ਅੱਤਵਾਦ ਦੀ ਵਾਪਸੀ ਕਰਨਾ ਚਾਹੁੰਦੇ ਹਨ। ਜਗ ਬਾਣੀ ਵਲੋਂ ਕੀਤੀ ਗਈ ਇਨਵੈਸਟੀਗੇਸ਼ਨ ਮੁਤਾਬਿਕ ਕੈਨੇਡਾ 'ਚ ਇਸ ਸਮੇਂ 12 ਖਤਰਨਾਕ ਅੱਤਵਾਦੀ ਪੰਜਾਬ 'ਚ ਅੱਤਵਾਦ ਦੀ ਵਾਪਸੀ ਦਾ ਜਾਲ ਬੁਣ ਰਹੇ ਹਨ। ਇਸ ਦਾ ਖੁਲਾਸਾ ਬੀਤੇ ਸਾਲ ਅੰਮ੍ਰਿਤਸਰ 'ਚ 2 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਸੀ। ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ 4 ਕੈਨੇਡੀਆਈ ਨਾਗਰਿਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਖੁਫੀਆ ਏਜੰਸੀਆਂ ਮੁਤਾਬਿਕ ਕੈਨੇਡਾ 'ਚ ਬੈਠੇ ਖਾਲਿਸਤਾਨੀ ਸਮਰਥਕਾਂ ਵਲੋਂ ਪੰਜਾਬ 'ਚ ਅੱਤਵਾਦ ਫੈਲਾਉਣ ਅਤੇ ਹੱਤਿਆਵਾਂ ਲਈ ਹੁਣ ਗੈਂਗਸਟਰਾਂ ਅਤੇ ਸ਼ਾਰਪ ਸ਼ੂਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਫੰਡਿੰਗ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੀ ਜਾਂਦੀ ਹੈ, ਨਾਲ ਹੀ ਪਹਿਲਾਂ ਮਾਰੇ ਗਏ ਖਾਲਿਸਤਾਨੀ ਅੱਤਵਾਦੀਆਂ ਦੇ ਪਰਿਵਾਰਾਂ ਦੀ ਮਦਦ ਲਈ ਵੀ ਵਿਦੇਸ਼ 'ਚ ਬੈਠੇ ਕਈ ਖਾਲਿਸਤਾਨੀ ਸਮਰਥਕ ਸੰਗਠਨ ਕੰਮ ਕਰ ਰਹੇ ਹਨ।
4 ਕੈਨੇਡੀਆਈ ਨਾਗਰਿਕਾਂ 'ਤੇ ਦਰਜ ਹੋ ਚੁੱਕੈ ਕੇਸ
ਪਿਛਲੇ ਸਾਲ 2 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ 4 ਕੈਨੇਡੀਆਈ ਨਾਗਰਿਕਾਂ 'ਤੇ ਕੇਸ ਦਰਜ ਹੋਇਆ ਸੀ। ਇਨ੍ਹਾਂ ਵਿਚੋਂ ਇਕ ਗੁਰਜੀਤ ਸਿੰਘ ਚੀਮਾ ਕਾਦੀਆਂ ਨੇੜੇ ਜੱਗੀ ਚੀਮਾ ਪਿੰਡ ਦਾ ਰਹਿਣ ਵਾਲਾ ਹੈ। ਚੀਮਾ 2016 'ਚ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ ਫਰਵਰੀ 2017 'ਚ ਵਾਪਸ ਕੈਨੇਡਾ ਚਲਾ ਗਿਆ। ਖੁਫੀਆ ਰਿਪੋਰਟਾਂ ਮੁਤਾਬਿਕ ਪੰਜਾਬ 'ਚ ਚੀਮਾ ਨੇ ਕਈ ਗੈਂਗਸਟਰਾਂ ਤੇ ਅੱਤਵਾਦੀਆਂ ਨਾਲ ਗੱਲਬਾਤ ਕੀਤੀ ਸੀ। ਉਥੇ ਹੀ ਗੁਰਪ੍ਰੀਤ ਸਿੰਘ ਮੋਗਾ ਦਾ ਰਹਿਣ ਵਾਲਾ ਹੈ।
ਨੌਜਵਾਨ ਪੀੜ੍ਹੀ ਤਿਆਰ ਕਰ ਰਹੀ ਖਾਲਿਸਤਾਨ ਲਈ ਜ਼ਮੀਨ
ਕੈਨੇਡਾ ਦੇ ਇਕ ਵੱਡੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਉੱਘੇ ਨੇਤਾ ਮੁਤਾਬਿਕ ਕੈਨੇਡਾ 'ਚ ਇਸ ਸਮੇਂ ਖਾਲਿਸਤਾਨ ਨੂੰ ਲੈ ਕੇ ਵੱਡੀ ਮੁਹਿੰਮ ਚੱਲ ਰਹੀ ਹੈ, ਜੋ ਭਾਰਤ ਦੀ ਸ਼ਾਂਤੀ ਲਈ ਬਹੁਤ ਵੱਡਾ ਖਤਰਾ ਹੈ। ਉਨ੍ਹਾਂ ਇਸ ਲਈ 5 ਕਾਰਨ ਦੱਸੇ ਹਨ।
1. ਕੈਨੇਡਾ 'ਚ ਅਜਿਹੇ ਕਈ ਪਰਿਵਾਰ ਹਨ, ਜੋ ਕਈ ਸਾਲ ਪਹਿਲਾਂ ਉਥੇ ਜਾ ਕੇ ਸੈਟਲ ਹੋ ਗਏ ਸਨ। ਅਜਿਹੇ ਪਰਿਵਾਰਾਂ ਦੀ ਦੂਜੀ ਪੀੜ੍ਹੀ ਹੁਣ ਜਵਾਨ ਹੋ ਗਈ ਹੈ। ਇਸ ਪੀੜ੍ਹੀ ਨੂੰ ਇਨ੍ਹਾਂ ਦੇ ਮਾਪਿਆਂ ਨੇ ਇਹ ਦੱਸਿਆ ਹੈ ਕਿ ਪੰਜਾਬ 'ਚ ਸਿੱਖਾਂ 'ਤੇ ਬਹੁਤ ਜ਼ੁਲਮ ਹੁੰਦਾ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ। ਇਸ ਪੀੜ੍ਹੀ ਨੂੰ ਭਾਰਤ ਨਾਲ ਕੋਈ ਮੋਹ ਨਹੀਂ ਹੈ ਅਤੇ ਨਾ ਹੀ ਇਹ ਲੋਕ ਕਦੇ ਭਾਰਤ ਗਏ ਹਨ। 1984 ਦੇ ਦੰਗਿਆਂ ਦੀਆਂ ਕਹਾਣੀ ਸੁਣਾ ਕੇ ਇਨ੍ਹਾਂ ਦਾ ਮਾਈਂਡ ਵਾਸ਼ ਕੀਤਾ ਗਿਆ ਹੈ। ਇਸ ਲਈ ਹੁਣ ਇਹ ਪੀੜ੍ਹੀ ਭਾਰਤ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਹੈ। ਇਹ ਪੀੜ੍ਹੀ ਹੁਣ ਕੈਨੇਡਾ 'ਚ ਖਾਲਿਸਤਾਨ ਲਈ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਹੀ ਹੈ। ਇਨ੍ਹਾਂ ਦੇ ਦਿਮਾਗ 'ਚ ਸਿਰਫ ਖਾਲਿਸਤਾਨ ਚੱਲ ਰਿਹਾ ਹੈ। ਕੈਨੇਡਾ 'ਚ ਖਾਲਿਸਤਾਨ ਲਈ ਇਹ ਪੀੜ੍ਹੀ ਜ਼ਮੀਨ ਤਿਆਰ ਕਰ ਰਹੀ ਹੈ। ਭਾਰਤ ਵਿਰੋਧੀ ਪ੍ਰਦਰਸ਼ਨਾਂ ਵਿਚ ਸਭ ਤੋਂ ਵੱਧ ਨੌਜਵਾਨ ਇਸੇ ਪੀੜ੍ਹੀ ਦੇ ਹੁੰਦੇ ਹਨ।
2. ਪਿਛਲੇ 3-4 ਸਾਲਾਂ 'ਚ ਭਾਰਤੀ ਅਧਿਕਾਰੀਆਂ ਦੇ ਪ੍ਰੋਗਰਾਮਾਂ 'ਚ ਖਾਲਿਸਤਾਨ ਸਮਰਥਕਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਥੇ ਧਰਮ ਨਿਰਪੱਖ ਲਾਬੀ ਕਮਜ਼ੋਰ ਹੋਈ ਹੈ। ਧਰਮ ਨਿਰਪੱਖ ਲਾਬੀ ਨੂੰ ਭਾਰਤੀ ਅਧਿਕਾਰੀ ਵਿਰੋਧੀ ਮੰਨਦੇ ਹਨ। ਇਹ ਇਕ ਵੱਡਾ ਕਾਰਨ ਹੈ ਖਾਲਿਸਤਾਨ ਸਮਰਥਕਾਂ ਦੇ ਹੌਸਲੇ ਵਧਾਉਣ ਦਾ।
3. ਭਾਰਤੀ ਅਧਿਕਾਰੀਆਂ ਵਲੋਂ ਪੰਜਾਬ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀਆਂ ਕੋਈ ਚੰਗੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਹਨ। ਇਥੇ ਹੋ ਰਹੇ ਭਾਰਤੀ ਵਿਰੋਧੀ ਪ੍ਰਚਾਰ ਨੂੰ ਰੋਕਣ ਜਾਂ ਉਸ ਦਾ ਜਵਾਬ ਦੇਣ ਲਈ ਕੋਈ ਕੋਸ਼ਿਸ਼ਾਂ ਨਹੀਂ ਕੀਤੀਆਂ ਜਾ ਰਹੀਆਂ। ਭਾਰਤੀ ਅਧਿਕਾਰੀ ਸਿਰਫ ਵੱਡੀਆਂ-ਛੋਟੀਆਂ ਪਾਰਟੀਆਂ ਦਾ ਹੀ ਆਯੋਜਨ ਕਰਦੇ ਹਨ। ਇਥੇ ਰਹਿ ਰਹੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਇਥੋਂ ਤੱਕ ਕਿ ਭਾਰਤ ਜਾਣ ਲਈ ਵੀ ਵੀਜ਼ਾ ਲੈਣ ਦੀ ਸਮੱਸਿਆ ਨੂੰ ਵੀ ਇਹ ਹੱਲ ਨਹੀਂ ਕਰਦੇ। ਇਹ ਇਕ ਵੱਡਾ ਕਾਰਨ ਹੈ ਪੰਜਾਬੀ ਭਾਈਚਾਰੇ ਦੀ ਭਾਰਤੀ ਅਧਿਕਾਰੀਆਂ ਤੋਂ ਦੂਰੀਆਂ ਵਧਣ ਦਾ।
4. ਕੈਨੇਡਾ 'ਚ ਸਿਆਸੀ ਪਾਰਟੀਆਂ ਆਪਣੇ ਮਤਲਬ ਲਈ ਖਾਲਿਸਤਾਨੀ ਸਮਰਥਕਾਂ ਨੂੰ ਸ਼ਹਿ ਦੇ ਦਿੰਦੀਆਂ ਹਨ। ਇਸ ਦੇ ਬਦਲੇ ਉਨ੍ਹਾਂ ਨੂੰ ਵੋਟਾਂ ਵੀ ਮਿਲਦੀਆਂ ਹਨ। ਇਸ ਦੇ ਨਾਲ ਖਾਲਿਸਤਾਨ ਸਮਰਥਕ ਇਨ੍ਹਾਂ ਨੂੰ ਚੋਣਾਂ 'ਚ ਫੰਡ ਵੀ ਦਿੰਦੇ ਹਨ। ਮੌਜੂਦਾ ਸਰਕਾਰ 'ਚ ਖਾਲਿਸਤਾਨ ਦੇ ਕਈ ਸਮਰਥਕ ਹਨ। ਸਿਆਸੀ ਪਾਰਟੀਆਂ ਦੇ ਇਸ ਰਵੱਈਏ ਕਾਰਨ ਇਥੇ ਭਾਰਤ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ।
5. ਕੈਨੇਡਾ 'ਚ ਆਈ. ਐੱਸ. ਆਈ. ਨੇ ਆਪਣਾ ਵੱਡਾ ਬੇਸ ਬਣਾਇਆ ਹੋਇਆ ਹੈ। ਆਈ.ਐੱਸ.ਆਈ ਦੇ ਲੋਕ ਸ਼ਰੇਆਮ ਖਾਲਿਸਤਾਨੀ ਸਮਰਥਕਾਂ ਦੀ ਮਦਦ ਕਰਦੇ ਹਨ। ਇਥੋਂ ਤੱਕ ਕਿ ਮੀਟਿੰਗਾਂ 'ਚ ਵੀ ਆਈ.ਐੱਸ.ਆਈ. ਦੇ ਲੋਕ ਰਹਿੰਦੇ ਹਨ।
ਪੀ. ਐੱਮ. ਜਸਟਿਨ ਟਰੂਡੋ ਇਸੇ ਮਹੀਨੇ ਭਾਰਤ ਆਉਣਗੇ
ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸੇ ਮਹੀਨੇ ਇਸ ਹਫਤੇ ਦੀ ਭਾਰਤ ਯਾਤਰਾ 'ਤੇ ਆ ਰਹੀ ਹੈ। ਉਨ੍ਹਾਂ ਦੀ ਇਹ ਯਾਤਰਾ ਕੈਨੇਡਾ 'ਚ ਖਾਲਿਸਤਾਨ ਸਮਰਥਕ ਸੰਗਠਨਾਂ ਦੇ ਉਭਰਨ ਦੇ ਦੋਸ਼ਾਂ ਵਿਚਾਲੇ ਹੋ ਰਹੀ ਹੈ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਟਰੂਡੋ ਸਰਕਾਰ ਉਨ੍ਹਾਂ ਪ੍ਰਤੀ ਨਰਮ ਹੈ। ਟੋਰਾਂਟੋ 'ਚ ਪਿਛਲੇ ਸਾਲ 'ਖਾਲਿਸਤਾਨ ਈਵੈਂਟ' 'ਚ ਟਰੂਡੋ ਦੀ ਮੌਜੂਦਗੀ 'ਤੇ ਭਾਰਤ ਨੇ ਇਤਰਾਜ਼ ਜ਼ਾਹਿਰ ਕੀਤਾ ਸੀ। ਹਾਲ ਹੀ 'ਚ ਕੈਨੇਡਾ ਦੇ ਓਂਟਾਰੀਓ ਵਿਖੇ ਕਈ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਸਮਝਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਕੋਲ ਅੱਤਵਾਦ ਦਾ ਮੁੱਦਾ ਚੁੱਕ ਸਕਦੇ ਹਨ।
ਦਰਅਸਲ ਕੈਨੇਡਾ 'ਚ ਇਨ੍ਹੀਂ ਦਿਨੀਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਜਨ ਆਧਾਰ ਵਧਣ ਲੱਗਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਕੈਨੇਡਾ 'ਚ 3 ਵੱਡੀਆਂ ਪਾਰਟੀਆਂ 'ਚੋਂ ਇਕ ਹੈ। ਜਗਮੀਤ ਸਿੰਘ 1984 ਦੇ ਸਿੱਖ ਦੰਗਿਆਂ ਦਾ ਮਸਲਾ ਉਠਾਉਂਦੇ ਰਹੇ ਹਨ। ਆਪਣੀ ਭਾਰਤ ਯਾਤਰਾ ਦੌਰਾਨ ਟਰੂਡੋ ਦੇ ਰਾਜਧਾਨੀ ਦਿੱਲੀ ਤੋਂ ਇਲਾਵਾ ਹਰਿਮੰਦਰ ਸਾਹਿਬ ਆਉਣ ਦੀ ਵੀ ਸੰਭਾਵਨਾ ਹੈ।
18 ਮਹੀਨਿਆਂ 'ਚ ਟਰੂਡੋ ਸਰਕਾਰ ਦੇ 11 ਮੰਤਰੀ ਭਾਰਤ ਆਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪ੍ਰੈਲ 2015 'ਚ ਕੈਨੇਡਾ ਦੀ ਅਧਿਕਾਰਤ ਯਾਤਰਾ 'ਤੇ ਗਏ ਸਨ, ਉਦੋਂ ਟਰੂਡੋ ਨੇ ਉਨ੍ਹਾਂ ਨਾਲ ਲਿਬਰਲ ਪਾਰਟੀ ਦੇ ਨੇਤਾ ਵਜੋਂ ਮੁਲਾਕਾਤ ਕੀਤੀ ਸੀ। ਟਰੂਡੋ ਨਵੰਬਰ 2015 'ਚ ਸੱਤਾ 'ਚ ਆਈ ਸੀ। ਇਸ ਤੋਂ ਬਾਅਦ ਵਾਸ਼ਿੰਗਟਨ, ਹੈਮਬਰਗ ਅਤੇ ਮਨੀਲਾ 'ਚ ਵੱਖ-ਵੱਖ ਸੰਮੇਲਨਾਂ ਦੌਰਾਨ ਵੀ ਦੋਵੇਂ ਪ੍ਰਧਾਨ ਮੰਤਰੀ ਮਿਲ ਚੁੱਕੇ ਹਨ। ਪਿਛਲੇ 18 ਮਹੀਨਿਆਂ 'ਚ ਟਰੂਡੋ ਸਰਕਾਰ ਦੇ 11 ਮੰਤਰੀ ਭਾਰਤ ਆ ਚੁੱਕੇ ਹਨ। ਟਰੂਡੋ ਰਾਜ ਨੇਤਾਵਾਂ ਅਤੇ ਬਿਜ਼ਨੈੱਸ ਲੀਡਰਾਂ ਨੂੰ ਮਿਲਣ ਤੋਂ ਇਲਾਵਾ ਮਹਿਲਾ ਸਸ਼ਕਤੀਕਰਨ ਦੇ ਪ੍ਰੋਗਰਾਮ ਨੂੰ ਹੱਲਾਸ਼ੇਰੀ ਦੇਣਗੇ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ। ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਪਸੰਦੀਦਾ ਡੈਸਟੀਨੇਸ਼ਨ ਬਣ ਰਿਹਾ ਹੈ। ਪਿਛਲੇ ਸਾਲ ਕਰੀਬ ਸਵਾ ਲੱਖ ਭਾਰਤੀਆਂ ਕੋਲ ਕੈਨੇਡਾ ਦਾ ਸਟੱਡੀ ਪਰਮਿਟ ਸੀ।
ਕੈਨੇਡਾ 'ਚ ਸਰਗਰਮ ਗੈਂਗ ਵੀ ਖਾਲਿਸਤਾਨੀ
ਖਾਲਿਸਤਾਨ 'ਚ ਇਸ ਸਮੇਂ ਡਰੱਗ ਦੀ ਸਮੱਗਲਿੰਗ ਕਰਨ ਵਾਲੇ ਕਈ ਗੈਂਗ ਸਰਗਰਮ ਹਨ । ਖੁਫੀਆ ਏਜੰਸੀਆਂ ਕੋਲ ਅਜਿਹੀ ਪੱਕੀ ਜਾਣਕਾਰੀ ਹੈ ਕਿ ਇਨ੍ਹਾਂ ਗੈਂਗਜ਼ ਦੀ ਵੀ ਆਈ.ਐੱਸ.ਆਈ ਮਦਦ ਕਰਦੀ ਹੈ। ਇਸ ਦੇ ਬਦਲੇ ਇਹ ਗੈਂਗ ਖਾਲਿਸਤਾਨੀ ਮਾਡਿਊਲ ਲਈ ਨੌਜਵਾਨਾਂ ਨੂੰ ਤਿਆਰ ਕਰਦੇ ਹਨ। ਉਥੇ ਹੀ ਕੈਨੇਡਾ 'ਚ ਇਸ ਸਮੇਂ ਖਾਲਿਸਤਾਨੀ ਸਮਰਥਕ ਸੰਗਠਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਇਹ ਸੰਗਠਨ ਪੰਜਾਬ ਪੁਲਸ ਖਿਲਾਫ ਝੂਠਾ ਪ੍ਰਚਾਰ ਕਰਕੇ ਇਥੋਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ।
2 ਸਾਲਾਂ 'ਚ ਇਨ੍ਹਾਂ ਹਿੰਦੂ ਨੇਤਾਵਾਂ ਨੂੰ ਬਣਾਇਆ ਗਿਆ ਨਿਸ਼ਾਨਾ
* 23 ਅਪ੍ਰੈਲ 2016 ਨੂੰ ਖੰਨਾ 'ਚ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦੀ ਹੱਤਿਆ।
* 6 ਅਗਸਤ 2016 ਨੂੰ ਜਲੰਧਰ 'ਚ ਆਰ. ਐੱਸ. ਐੱਸ. ਮੁਖੀ ਜਗਦੀਸ਼ ਗਗਨੇਜਾ ਦੀ ਹੱਤਿਆ।
* 14 ਜਨਵਰੀ 2017 ਨੂੰ ਲੁਧਿਆਣਾ ਸਥਿਤ ਦੁਰਗਾ ਮਾਤਾ ਮੰਦਰ ਕੋਲ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਹੱਤਿਆ।
* 25 ਫਰਵਰੀ 2017 ਨੂੰ ਪਿੰਡ ਜਗੇੜਾ ਦੇ ਨਾਮ ਚਰਚਾ ਘਰ 'ਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਤੇ ਉਸ ਦੇ ਬੇਟੇ ਰਮੇਸ਼ ਸ਼ਰਮਾ ਦੀ ਹੱਤਿਆ।
* 16 ਜੂਨ 2017 ਨੂੰ ਲੁਧਿਆਣਾ ਦੇ ਪੀਰੂ ਬੰਦਾ ਮੁਹੱਲੇ 'ਚ ਪਾਸਟਰ ਸੁਲਤਾਨ ਦੀ ਹੱਤਿਆ।
* 17 ਅਕਤੂਬਰ 2017 ਨੂੰ ਆਰ. ਐੱਸ. ਐੱਸ. ਸ਼ਾਖਾ ਮੁਖੀ ਰਵਿੰਦਰ ਗੋਸਾਈਂ ਦੀ ਘਰ ਦੇ ਬਾਹਰ ਹੱਤਿਆ।
ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ 'ਚ ਟ੍ਰੇਨਿੰਗ ਕੈਂਪ
ਪਠਾਨਕੋਟ ਹਮਲੇ ਤੋਂ 6 ਮਹੀਨੇ ਬਾਅਦ ਇੰਟੈਲੀਜੈਂਸ ਏਜੰਸੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਪੰਜਾਬ ਵਿਰੋਧੀ ਸਰਗਰਮੀਆਂ ਲਈ ਕੈਨੇਡਾ 'ਚ ਚਲਾਏ ਜਾ ਰਹੇ ਟ੍ਰੇਨਿੰਗ ਕੈਂਪ ਬਾਰੇ ਅਲਰਟ ਕੀਤਾ ਸੀ।
ਇੰਟੈਲੀਜੈਂਸ ਅਧਿਕਾਰੀਆਂ ਦੀਆਂ ਰਿਪੋਰਟਾਂ ਮੁਤਾਬਕ ਕੈਨੇਡਾਈ ਸਿੱਖ ਨਾਗਰਿਕ ਹਰਦੀਪ ਨਿੱਝਰ ਖਾਲਿਸਤਾਨ ਟੈਰਰ ਫੋਰਸ (ਕੇ. ਟੀ. ਐੱਫ.) ਦਾ ਹੈੱਡ ਬਣਿਆ ਹੈ। ਉਸ ਨੇ ਹਮਲਿਆਂ ਲਈ ਨੌਜਵਾਨਾਂ ਦਾ ਇਕ ਮਾਡਿਊਲ ਤਿਆਰ ਕੀਤਾ ਹੈ। ਰਿਪੋਰਟ 'ਚ ਪਠਾਨਕੋਟ ਹਮਲੇ ਦਾ ਵੇਰਵਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਨਿੱਝਰ ਪਾਕਿਸਤਾਨ ਹਥਿਆਰ ਹਾਸਲ ਕਰਨਾ ਚਾਹੁੰਦਾ ਸੀ ਪਰ ਪਠਾਨਕੋਟ ਹਮਲੇ ਕਾਰਨ ਸਰਹੱਦ 'ਤੇ ਜਾਰੀ ਅਲਰਟ ਕਾਰਨ  ਉਸ ਦੇ ਮਨਸੂਬੇ ਪੂਰੇ ਨਹੀਂ ਹੋ ਰਹੇ।
ਪੰਜਾਬ ਸਰਕਾਰ ਹਰਦੀਪ ਨਿੱਝਰ ਦੀ ਹਵਾਲਗੀ ਲਈ ਵਿਦੇਸ਼ ਮੰਤਰਾਲਾ ਸਣੇ ਗ੍ਰਹਿ ਮੰਤਰਾਲਾ ਨੂੰ ਵੀ ਰਿਪੋਰਟ ਸੌਂਪ ਚੁੱਕੀ ਹੈ। ਨਿੱਝਰ ਨੂੰ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਹ 1995 ਤੋਂ ਕੈਨੇਡਾਈ ਪਾਸਪੋਰਟ 'ਤੇ ਕੈਨੇਡਾ 'ਚ ਰਹਿ ਰਿਹਾ ਹੈ। ਉਹ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ 'ਚ 2007 ਦੇ ਧਮਾਕੇ 'ਚ ਲੋੜੀਂਦਾ ਹੈ। ਇਸ ਧਮਾਕੇ 'ਚ 6 ਲੋਕ ਮਾਰੇ ਗਏ ਸਨ। ਇਹ ਖੁਲਾਸਾ ਕੇ. ਟੀ. ਐੱਫ. ਮੈਂਬਰ ਮਨਦੀਪ ਸਿੰਘ ਲੁਧਿਆਣਾ ਦੇ ਪਿੰਡ 'ਚੋਂ ਹੋਈ ਗ੍ਰਿਫਤਾਰੀ ਤੋਂ ਬਾਅਦ ਹੋਇਆ ਸੀ।  
ਰਿਪੋਰਟ 'ਚ ਦੱਸਿਆ ਗਿਆ ਕਿ ਪਿਛਲੇ ਸਾਲ ਥਾਈਲੈਂਡ 'ਚ ਏ.ਟੀ. ਐੱਫ. ਦੇ ਸਾਬਕਾ ਮੁਖੀ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਨਿੱਝਰ ਕੈਨੇਡਾ 'ਚ ਆਪਣੇ ਸਮੂਹ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਹੈ। ਹਾਲ ਹੀ 'ਚ ਉਹ ਮਨਦੀਪ ਤੋਂ ਇਲਾਵਾ 3 ਹੋਰ ਸਿੱਖ ਨੌਜਵਾਨਾਂ ਨੂੰ ਏ. ਕੇ.-47 ਰਾਈਫਲ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ ਕੋਲ ਇਕ ਰੇਂਜ 'ਚ ਲੈ ਗਿਆ ਸੀ, ਜਿਥੇ ਉਨ੍ਹਾਂ ਨੂੰ ਰੋਜ਼ਾਨਾ 4 ਘੰਟੇ ਰਾਈਫਲ ਚਲਾਉਣੀ ਪੈਂਦੀ ਸੀ।
12 ਖਤਰਨਾਕ ਅੱਤਵਾਦੀ ਚਲਾ ਰਹੇ ਨੈੱਟਵਰਕ
ਖੁਫੀਆ ਵਿਭਾਗ ਕੋਲ ਜਾਣਕਾਰੀ ਹੈ ਕਿ 12 ਖਤਰਨਾਕ ਅੱਤਵਾਦੀ ਕੈਨੇਡਾ 'ਚ ਆਈ. ਐੱਸ. ਆਈ. ਦੀ ਮਦਦ ਨਾਲ ਪੰਜਾਬ 'ਚ ਅੱਤਵਾਦ ਦੀ ਵਾਪਸੀ ਲਈ ਨੈੱਟਵਰਕ ਚਲਾ ਰਹੇ ਹਨ। ਨੈੱਟਵਰਕ ਬਣਾਉਣ ਤੇ ਉਸ ਨੂੰ ਚਲਾਉਣ 'ਚ ਆਈ. ਐੱਸ. ਆਈ. ਸਹਿਯੋਗ ਕਰ ਰਹੀ ਹੈ। ਖੁਫੀਆ ਏਜੰਸੀ ਮੁਤਾਬਕ ਕਈ ਅਜਿਹੇ ਕੱਟੜਪੰਥੀ ਸਿੱਖ ਹਨ ਜੋ ਅੱਤਵਾਦ ਦੇ ਸਮੇਂ ਪੰਜਾਬ ਤੋਂ ਕੈਨੇਡਾ ਜਾ ਕੇ ਸੈਟਲ ਹੋ ਗਏ ਸਨ। ਇਹ ਲੋਕ ਹੁਣ ਆਰਥਿਕ ਤੌਰ 'ਤੇ ਅਮੀਰ ਹੋ ਗਏ ਹਨ। ਇਨ੍ਹਾਂ 'ਚੋਂ ਕਈਆਂ ਨੂੰ ਭਾਰਤ 'ਚ ਕਾਲੀ ਸੂਚੀ 'ਚ ਪਾਇਆ ਗਿਆ ਹੈ। ਇਹ ਅਮੀਰ ਖਾਲਿਸਤਾਨੀ ਸਮਰਥਕ ਕੈਨੇਡਾ 'ਚ ਹਰ ਜਗ੍ਹਾ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਹਨ। ਇਸ ਦੇ ਲਈ ਫੰਡਿੰਗ ਵੀ ਇਹੀ ਖਾਲਿਸਤਾਨੀ ਸਮਰਥਕ ਕਰ ਰਹੇ ਹਨ। ਇੰਟੈਲੀਜੈਂਸ ਕੋਲ ਅਜਿਹੀ ਸੂਚਨਾ ਹੈ ਕਿ ਪੰਜਾਬ 'ਚ  ਸਰਗਰਮ ਕੁਝ ਕੱਟੜਪੰਥੀ ਨੇਤਾਵਾਂ ਨੂੰ ਵੀ ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਪੈਸਾ ਕੈਨੇਡਾ ਤੋਂ ਆ ਰਿਹਾ ਹੈ।
ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਕਿਸਤਾਨ 'ਚ ਰਹਿ ਰਹੇ ਬੱਬਰ ਖਾਲਸਾ ਦੇ ਅੱਤਵਾਦੀ ਵਧਾਵਾ ਸਿੰਘ, ਖਾਲਿਸਤਾਨ ਕਮਾਂਡੋ ਦੇ ਚੀਫ ਪਰਮਜੀਤ ਸਿੰਘ ਪੰਜਵੜ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਰੋਡੇ ਦਾ ਕੈਨੇਡਾ ਦੌਰਾ ਅਕਸਰ ਕਰਵਾਉਂਦੀ ਰਹਿੰਦੀ ਹੈ।
ਪਿਛਲੇ ਦਿਨੀਂ ਇਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਦੀਆਂ ਕਾਫੀ ਮੀਟਿੰਗਾਂ ਵੈਨਕੂਵਰ, ਓਂਟਾਰੀਓ ਆਦਿ ਸ਼ਹਿਰਾਂ 'ਚ ਹੋ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀਆਂ ਨੇ ਕੈਨੇਡਾ 'ਚ ਹੋ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਦੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਦਿੱਤੀ ਹੈ।
ਆਈ. ਐੱਸ. ਆਈ. ਨੂੰ ਵੀ ਫੰਡਿੰਗ
ਖੁਫੀਆ ਏਜੰਸੀਆਂ ਮੁਤਾਬਿਕ ਖਾਲਿਸਤਾਨ ਲਈ ਸਭ ਤੋਂ ਵੱਧ ਫੰਡ ਕੈਨੇਡਾ ਵਿਚ ਹੀ ਜਮ੍ਹਾ ਕੀਤਾ ਜਾਂਦਾ ਹੈ। ਇਹੀ ਨਹੀਂ ਕੈਨੇਡਾ 'ਚ ਬੈਠੇ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਆਈ.ਐੱਸ.ਆਈ. ਨੂੰ ਵੀ ਪੰਜਾਬ 'ਚ ਅੱਤਵਾਦ ਫੈਲਾਉਣ ਲਈ ਫੰਡਿੰਗ ਕੀਤੀ ਜਾਂਦੀ ਹੈ। ਕੇਂਦਰੀ ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਿਕ ਕੈਨੇਡਾ 'ਚ ਇਸ ਸਮੇਂ ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਲਿਬਰੇਸ਼ਨ ਫੋਰਸ ਸਰਗਰਮ ਹਨ। ਇਨ੍ਹਾਂ ਸੰਗਠਨਾਂ ਵਲੋਂ ਸ਼ਰੇਆਮ ਕੈਨੇਡਾ 'ਚ ਖਾਲਿਸਤਾਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਇਸ ਦੇ ਨਾਲ ਮੀਟਿੰਗਾਂ ਕਰਕੇ ਫੰਡ ਇਕੱਠਾ ਕੀਤਾ ਜਾਂਦਾ ਹੈ। ਭਾਰਤ ਸਰਕਾਰ ਨੇ ਕੁਝ ਸਮਾਂ ਪਹਿਲਾ ਕੈਨੇਡਾ ਸਰਕਾਰ ਤੋਂ 4 ਖਾਲਿਸਤਾਨੀ ਅੱਤਵਾਦੀਆਂ ਦੇ ਭਾਰਤ ਦੇ ਹਵਾਲਗੀ ਦੀ ਮੰਗ ਵੀ ਕੀਤੀ ਸੀ। ਪੰਜਾਬ ਪੁਲਸ ਨੇ ਬੀਤੇ ਦਿਨੀਂ ਹਿੰਦੂ ਆਗੂਆਂ ਦੀ ਹੱਤਿਆ ਕਰਨ ਵਾਲੇ ਜਿਨ੍ਹਾਂ ਅੱਤਵਾਦੀਆਂ ਨੂੰ ਫੜਿਆ ਸੀ, ਉਨ੍ਹਾਂ ਦੀ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਦੇ ਪਿੱਛੇ ਕੈਨੇਡਾ ਅਤੇ ਯੂ. ਕੇ. ਵਿਚ ਚੱਲ ਰਹੇ ਖਾਲਿਸਤਾਨੀ ਮਾਡਿਊਲ ਦਾ ਹੱਥ ਹੈ। ਉਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਸਮੇਂ ਕੈਨੇਡਾ 'ਚ ਅਜਿਹੇ 8 ਮਾਡਿਊਲ ਕੰਮ ਕਰ ਰਹੇ ਹਨ, ਜੋ ਪਾਕਿ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਮਿਲ ਕੇ ਪੰਜਾਬ 'ਚ ਦੁਬਾਰਾ ਵਾਪਸੀ ਕਰਨਾ ਚਾਹੁੰਦੇ ਹਨ।
ਮੈਗਜ਼ੀਨ 'ਚ ਖਾਲਿਸਤਾਨ ਦੀ ਵਾਪਸੀ ਦਾ ਇਸ਼ਾਰਾ
ਇਨ੍ਹੀਂ ਦਿਨੀਂ ਇਕ ਮੈਗਜ਼ੀਨ 'ਚ ਵੀ ਪੰਜਾਬ 'ਚ ਖਾਲਿਸਤਾਨ ਦੀ ਵਾਪਸੀ ਵੱਲ ਇਸ਼ਾਰਾ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਖਾਲਿਸਤਾਨ ਸਮਰਥਕਾਂ ਦਾ ਕੇਂਦਰ ਕੈਨੇਡਾ ਬਣ ਗਿਆ ਹੈ ਅਤੇ ਪੰਜਾਬ ਖਿਲਾਫ ਅੱਤਵਾਦ ਦਾ ਖੇਡ ਵਿਦੇਸ਼ੀ ਹੱਥਾਂ 'ਚ ਖੇਡਿਆ ਜਾ ਰਿਹਾ ਹੈ। 1970 ਦੇ ਦਹਾਕੇ ਦੀ ਸੁਣੀ ਸੁਣਾਈ ਕਹਾਵਤ ਹੈ 'ਦਲਦਲ ਅਤੇ ਛਾਇਆ' ਸੱਚਾਈ ਬਣ ਗਈ ਹੈ। ਕੀ ਅੱਤਵਾਦ ਨਵੇਂ ਅਵਤਾਰ ਦੇ ਰੂਪ 'ਚ ਵਾਪਸ ਆ ਰਿਹਾ ਹੈ। ਵਿਦੇਸ਼ੀ ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਦਾਖਲੇ 'ਤੇ ਪਾਬੰਦੀ ਕਿਉਂ ਲਾਈ ਜਾ ਰਹੀ ਹੈ। ਇਹ ਪਾਬੰਦੀ ਸਿਰਫ ਭਾਰਤੀ ਅਫਸਰਾਂ 'ਤੇ ਹੀ ਨਹੀਂ ਸਿਆਸੀ ਮਾਹਿਰਾਂ 'ਤੇ ਵੀ ਹੈ। ਇਹ ਅਸਲ 'ਚ ਕਿਉਂ ਹੋ ਰਿਹਾ ਹੈ। ਭਾਰਤ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਹੀ 2 ਅਜਿਹੇ ਦੇਸ਼ ਹਨ ਜਿਥੇ ਸਭ ਤੋਂ ਵੱਧ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਦਾਖਲੇ 'ਤੇ ਪਾਬੰਦੀ ਦਸੰਬਰ, 2017 'ਚ ਕੈਨੇਡਾ ਸਥਿਤ 14 ਗੁਰਦੁਆਰਿਆਂ ਦੀ ਮੈਨੇਜਮੈਂਟ ਵਲੋਂ ਜਾਰੀ ਬਿਆਨ ਤੋਂ ਬਾਅਦ ਲਾਈ ਗਈ ਸੀ। ਇਹ ਪਾਬੰਦੀ ਬ੍ਰਿਟਿਸ਼ ਨਾਗਰਿਕ ਅਵਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਲਾਈ ਗਈ ਸੀ। ਜੌਹਲ ਅਕਤੂਬਰ 2017 'ਚ ਵਿਆਹ ਕਰਵਾਉਣ ਲਈ ਪੰਜਾਬ ਆਇਆ ਸੀ। ਪੰਜਾਬ ਪੁਲਸ ਵਲੋਂ ਪਿਛਲੇ ਦੋ ਸਾਲਾਂ 'ਚ ਪੰਜਾਬ 'ਚ ਹੋਈਆਂ ਸੰਘ ਆਗੂਆਂ ਦੀਆਂ ਹੱਤਿਆਵਾਂ 'ਚ ਹੱਥ ਹੋਣ ਦੇ ਸ਼ੱਕ ਦੇ ਆਧਾਰ 'ਤੇ ਜੱਗੀ ਜੌਹਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੌਹਲ ਦੀ ਗ੍ਰਿਫਤਾਰੀ ਦਾ ਯੂ. ਕੇ. ਸਥਿਤ ਕੁਝ ਸੰਸਥਾਵਾਂ ਵਲੋਂ ਵਿਰੋਧ ਕੀਤਾ ਗਿਆ  ਸੀ। ਜੱਗੀ ਜੌਹਲ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਭਾਰਤੀ ਅਫਸਰਾਂ ਦੇ ਗੁਰਦੁਆਰਿਆਂ 'ਚ ਦਾਖਲੇ 'ਤੇ ਪਾਬੰਦੀ ਦਾ ਕੇਸ ਸਭ ਤੋਂ ਪਹਿਲਾਂ ਮੈਲਬੋਰਨ 'ਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਕੈਨੇਡਾ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਫੈਸਲਾ ਲੈਣ ਤੋਂ ਬਾਅਦ ਯੂ.ਐੱਸ.ਦੇ 96 ਗੁਰਦੁਆਰਿਆਂ 'ਚ ਵੀ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਪਾਬੰਦੀ ਆਰ.ਐੱਸ.ਐੱਸ. ਸ਼ਿਵਸੈਨਾ ਮੈਂਬਰਾਂ ਦੇ ਦਾਖਲੇ 'ਤੇ ਵੀ ਲਾਈ ਗਈ ਸੀ। ਨਾਲ ਹੀ ਜੱਗੀ ਜੌਹਲ ਦੀ ਰਿਹਾਈ ਦੀ
ਮੰਗ ਵੀ ਵਿਸ਼ਵ ਪੱਧਰ 'ਤੇ ਉਠਾਈ ਗਈ ਸੀ।