ਘਰ ''ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ''ਚ ਅੰਬੇਡਕਰ ਸੈਨਾ ਪੰਜਾਬ ਦਾ ਪ੍ਰਧਾਨ ਗ੍ਰਿਫਤਾਰ

05/01/2018 12:58:57 PM

ਫਗਵਾੜਾ (ਹਰਜੋਤ, ਜਲੋਟਾ)— ਸਥਾਨਕ ਪੁਲਸ ਨੇ ਘਰ 'ਚ ਦਾਖਲ ਹੋ ਕੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸੋਮਵਾਰ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦਾ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫਤਾਰ ਕੀਤਾ। ਜਦ ਕਿ ਦੋ ਸਾਥੀ ਰੋਹਿਤ, ਬੌਬੀ ਸਮੇਤ ਅੱਧੀ ਦਰਜਨ ਹੋਰ ਵਿਅਕਤੀਆਂ ਖਿਲਾਫ ਧਾਰਾ 323, 452, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤ ਕਰਤਾ ਸੂੰਢ ਕਾਲੋਨੀ ਨਿਵਾਸੀ ਪਵਨ ਕੁਮਾਰ ਨੇ ਦੋਸ਼ ਲਗਾਇਆ ਕਿ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਦਾ ਪ੍ਰਧਾਨ ਹਰਭਜਨ ਸੁਮਨ ਨੇ ਆਪਣੇ ਉਕਤ ਰੋਹਿਤ ਅਤੇ ਬੌਬੀ ਅਤੇ ਅੱਧੀ ਦਰਜਨ ਸਾਥੀਆਂ ਸਮੇਤ ਬੀਤੇ ਦਿਨ ਉਸ ਦੇ ਘਰ 'ਚ ਜਬਰੀ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਹਮਲਾਵਰਾਂ ਵਿਰੁਧ ਧਾਰਾ 323, 452, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਉਪਰੰਤ ਪੁਲਸ ਨੇ ਸੁਮਨ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


ਸੁਮਨ ਦੇ ਸਾਥੀਆਂ ਨੇ ਐੱਸ. ਪੀ. ਦਫਤਰ ਅੱਗੇ ਲਗਾਇਆ ਧਰਨਾ
ਦੂਜੇ ਪਾਸੇ ਹਰਭਜਨ ਸੁਮਨ ਦੇ ਸਮਰਥਕਾਂ ਨੇ ਵਾਪਰੇ ਘਟਨਾ ਚੱਕਰ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਦੇਰ ਸ਼ਾਮ ਐੱਸ. ਪੀ. ਫਗਵਾੜਾ ਪੁਲਸ ਦੇ ਦਫਤਰ ਅੱਗੇ ਰੋਸ ਧਰਨਾ ਲਾ ਕੇ ਪੁਲਸ ਅਤੇ ਪੰਜਾਬ ਸਰਕਾਰ ਵਿਰੁੱਧ ਨਆਰੇਬਾਜ਼ੀ ਸ਼ੁਰੂ ਕਰ ਦਿੱਤੀ। ਅੰਦੋਲਨਕਾਰੀ ਪੁਲਸ 'ਤੇ ਦੋਸ਼ ਲਗਾ ਰਹੇ ਹਨ ਕਿ ਦਲਿਤ ਨੇਤਾ ਹਰਭਜਨ ਸੁਮਨ ਨੂੰ ਪੁਲਸ ਨੇ ਜਨਰਲ ਸਮਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਅਨੁਸਾਰ ਗ੍ਰਿਫਤਾਰ ਕੀਤਾ ਹੈ।
ਇਸ ਦੌਰਾਨ ਫਗਵਾੜਾ ਦੇ ਐੱਸ. ਪੀ. ਦਫਤਰ ਦੇ ਬਾਹਰ ਦਲਿਤ ਸੰਗਠਨਾਂ ਦੇ ਨੇਤਾਵਾਂ ਅਤੇ ਲੋਕਾਂ ਵੱਲੋਂ ਲਗਾਇਆ ਗਿਆ ਰੋਸ ਧਰਨਾ ਰਾਤ 8.30 ਵਜੇ ਦੇ ਕਰੀਬ ਸਮਾਪਤ ਹੋ ਗਿਆ ਹੈ। ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਮੌਕੇ 'ਤੇ ਮੌਜੂਦ ਰਹੇ ਹੋਰ ਪੁਲਸ ਅਧਿਕਾਰੀਆਂ ਨੇ ਅੰਦੋਲਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜੋ ਕੇਸ ਹਰਭਜਨ ਸੁਮਨ ਦੇ ਵਿਰੁੱਧ ਪੁਲਸ ਥਾਣਾ ਸਿਟੀ 'ਚ ਰਜਿਸਟਰ ਹੋਇਆ ਹੈ ਉਸ ਦੀ ਮੈਰਿਟ 'ਤੇ ਦੁਬਾਰਾ ਪੁਲਸ ਜਾਂਚ ਹੋਵੇਗੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੇ ਪੁਲਸ ਜਾਂਚ 'ਚ ਹਰਭਜਨ ਸੁਮਨ ਤੇ ਹੋਰ ਦਲਿਤ ਵਰਗ ਦੇ ਲੋਕ ਨਿਰਦੋਸ਼ ਪਾਏ ਜਾਂਦੇ ਹਨ ਤਾਂ ਪੁਲਸ ਕਾਨੂੰਨ ਦੇ ਤਹਿਤ ਬਣਦੀ ਪੁਲਸ ਕਾਰਵਾਈ ਨੂੰ ਪੂਰਾ ਕਰੇਗੀ। ਪੁਲਸ ਦੇ ਉਕਤ ਜਵਾਬ ਨੂੰ ਸੁਣਨ ਦੇ ਬਾਅਦ ਅੰਦੋਲਨਕਾਰੀਆਂ ਨੇ ਬੀਤੇ ਦਿਨ ਲਗਾਇਆ ਗਿਆ ਰੋਸ ਧਰਨਾ ਖਤਮ ਕਰ ਲਿਆ ਹੈ।