ਫਗਵਾੜਾ ਗੋਲੀ ਕਾਂਡ ਦੇ ਵਿਰੋਧ ''ਚ ਬਸਪਾ ਵੱਲੋਂ ਪ੍ਰਦਰਸ਼ਨ

04/24/2018 10:45:40 AM

ਜਲੰਧਰ (ਮਹੇਸ਼)— ਫਗਵਾੜਾ ਗੋਲੀ ਕਾਂਡ ਅਤੇ ਦਲਿਤਾਂ 'ਤੇ ਅੱਤਿਆਚਾਰ ਦੇ ਹੋਰ ਮਾਮਲਿਆਂ ਦੇ ਵਿਰੋਧ 'ਚ ਬਸਪਾ ਪਾਰਟੀ ਵੱਲੋਂ ਤੈਅ ਪ੍ਰੋਗਰਾਮ ਤਹਿਤ ਜਲੰਧਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਰਾਜਪਾਲ ਦੇ ਨਾਂ ਦਿੱਤੇ ਮੰਗ ਪੱਤਰ 'ਚ ਬਸਪਾ ਆਗੂਆਂ ਨੇ ਕਿਹਾ ਕਿ 13 ਅਪ੍ਰੈਲ ਨੂੰ ਹੋਏ ਫਗਵਾੜਾ ਕਾਂਡ 'ਚ ਦਲਿਤਾਂ 'ਤੇ ਦਰਜ ਮੁਕੱਦਮੇ ਰੱਦ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਗੋਲੀ ਕਾਂਡ ਦੇ ਜ਼ਿੰਮੇਵਾਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਸ ਤੋਂ ਇਲਾਵਾ ਹਿੰਦੂ ਆਗੂਆਂ ਨੂੰ ਜੋ ਨਾਜਾਇਜ਼ ਤੌਰ 'ਤੇ ਸੁਰੱਖਿਆ ਦਿੱਤੀ ਗਈ ਹੈ, ਉਹ ਵਾਪਸ ਲਈ ਜਾਵੇ ਅਤੇ ਇਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣ ਤੇ ਘਟਨਾ ਦੌਰਾਨ ਉਥੇ ਮੌਜੂਦ ਪੁਲਸ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਬਸਪਾ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਸਿੰਘ ਰੀਹਲ, ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਸੂਬਾ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਬਾਬੂ ਸੁੰਦਰ ਪਾਲ, ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ, ਸੁਖਵਿੰਦਰ ਕੋਟਲੀ, ਚੌਧਰੀ ਮੋਹਨ ਲਾਲ ਬੰਗਾ, ਜ਼ਿਲਾ ਜਲੰਧਰ ਦਿਹਾਤੀ ਦੇ ਇੰਚਾਰਜ ਹਰਮੇਸ਼ ਗੜ੍ਹਾ, ਜਗਦੀਸ਼ ਸ਼ੇਰਪੁਰੀ, ਜਲੰਧਰ ਸ਼ਹਿਰੀ ਇੰਚਾਰਜ ਬਿੰਦਰ ਲਾਖਾ, ਜਲੰਧਰ ਦਿਹਾਤੀ ਦੇ ਪ੍ਰਧਾਨ ਜਗਦੀਸ਼ ਰਾਣਾ, ਸੇਵਾ ਸਿੰਘ ਰੱਤੂ, ਸੁਖਵਿੰਦਰ ਬਿੱਟੂ, ਮਦਨ ਮੱਦੀ, ਸ਼ਾਦੀ ਲਾਲ ਬੱਲਾਂ, ਸਤਪਾਲ ਬੱਧਣ ਆਦਿ ਵੀ ਮੌਜੂਦ ਸਨ।