ਨੈਸ਼ਨਲ ਹਾਈਵੇਅ ਬੰਦ ਕਰਨ ਵਾਲੇ ਕਿਸਾਨਾਂ 'ਤੇ ਪਰਚੇ

12/06/2018 1:57:46 PM

ਫਗਵਾੜਾ (ਵਿਕਰਮ ਜਲੋਟਾ,ਹਰਜੋਤ) : ਫਗਵਾੜਾ 'ਚ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਨੂੰ ਬੰਦ ਕੀਤਾ ਸੀ, ਉਨ੍ਹਾਂ ਦੇ ਖਿਲਾਫ ਫਗਵਾੜਾ ਪੁਲਸ ਨੇ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਹੈ। ਪੰਜਾਬ ਪੁਲਸ ਨੇ ਧਰਨੇ ਦੇਣ ਵਾਲੇ 10 ਕਿਸਾਨ ਆਗੂਆਂ ਸਮੇਤ ਕਈ ਅਣਪਛਾਤੇ ਕਿਸਾਨਾਂ ਖਿਲਾਫ ਜੀ. ਟੀ. ਰੋਡ ਨੈਸ਼ਨਲ ਹਾਈਵੇਅ-1 ਨੂੰ ਜਾਮ ਕਰਨ ਦੇ ਦੋਸ਼ 'ਚ ਧਾਰਾ 188, 283, 109, 149, 120-ਬੀ, ਸੈਕਸ਼ਨ 8-ਬੀ ਨੈਸ਼ਨਲ ਹਾਈਵੇਅ ਐਕਟ 1956 ਥਾਣਾ ਸਦਰ 'ਚ ਐੱਫ. ਆਈ. ਆਰ. ਨੰਬਰ 170 ਤਹਿਤ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਐੱਸ. ਪੀ.  ਮਨਦੀਪ ਸਿੰਘ ਨੇ ਕੀਤੀ। ਜਿਨ੍ਹਾਂ ਕਿਸਾਨਾਂ ਨੂੰ ਕੇਸ 'ਚ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ 'ਚ ਮਨਜੀਤ ਸਿੰਘ ਰਾਏ ਵਾਸੀ ਪੁਰ ਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ, ਸਤਨਾਮ ਸਿੰਘ ਸਾਹਨੀ ਵਾਸੀ ਸਾਹਨੀ, ਕ੍ਰਿਪਾਲ ਸਿੰਘ ਮੂਸਾਪੁਰ, ਗੁਰਜੀਤ ਸਿੰਘ ਡੱਲਾ, ਸੁਖਪਾਲ ਸਿੰਘ ਡੱਫਰ ਪਿੰਡ ਡੱਫਰ ਥਾਣਾ ਗੜ੍ਹਦੀਵਾਲ ਹੁਸ਼ਿਆਰਪੁਰ, ਸੰਤੋਖ ਸਿੰਘ ਸੰਧੂ ਫਿਲੌਰ, ਬਲਜਿੰਦਰ ਸਿੰਘ ਰਾਜੂ ਗੁਰਦਾਸਪੁਰ, ਸੁਰਜੀਤ ਸਿੰਘ ਫਤਹਿਗੜ੍ਹ ਸਾਹਿਬ, ਬਲਦੇਵ ਸਿੰਘ ਸਮੇਤ ਕਈ ਅਣਪਛਾਤੇ ਕਿਸਾਨ ਸ਼ਾਮਿਲ ਹਨ। ਪੁਲਸ ਨੇ ਇਹ ਐੱਫ. ਆਈ. ਆਰ. ਐੱਸ. ਐੱਚ. ਓ. ਸਦਰ ਸ਼ਿਵਕੰਵਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੀ ਹੈ। 
ਸਾਡੇ 'ਤੇ ਪਰਚੇ ਦਰਜ ਕਰਨ ਦੀ ਬਜਾਏ ਮਿੱਲ ਮਾਲਕਾਂ 'ਤੇ ਪਰਚੇ ਦਰਜ ਕੀਤੇ ਜਾਣ : ਮਨਜੀਤ ਸਿੰਘ ਰਾਏ 
ਇਸ ਸਬੰਧੀ ਗੱਲਬਾਤ ਕਰਦੇ ਹੋਏ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਆਪਣਾ ਪ੍ਰਤੀਕਰਮ ਦੱਸਦਿਆਂ ਕਿਹਾ ਇਹ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਸਰਕਾਰ ਨੂੰ ਮਿੱਲ ਮਾਲਕਾਂ ਖਿਲਾਫ ਪਰਚੇ ਦਰਜੇ ਕਰਨੇ ਚਾਹੀਦੇ ਸਨ ਕਿਉਂ ਕਿ ਉਨ੍ਹਾਂ ਦੀ ਲਟਕਾਊ ਨੀਤੀ ਕਾਰਨ ਸਾਨੂੰ ਸੜਕਾਂ 'ਤੇ ਉਤਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਪਰਚਿਆਂ ਤੋਂ ਕਿਸਾਨ ਡਰਦੇ ਨਹੀਂ ਅਤੇ ਇਨ੍ਹਾਂ ਪਰਚਿਆਂ ਦਾ ਡਟ ਕੇ ਮੁਕਾਬਲਾ ਕਰਨਗੇ, ਉਨ੍ਹਾਂ ਇਸ ਨੂੰ ਪ੍ਰਸ਼ਾਸ਼ਨ ਦੀ ਨਾਲਾਇਕੀ ਦੱਸਿਆ।

Anuradha

This news is Content Editor Anuradha