ਫਗਵਾੜਾ ''ਚ ਅਜੇ ਵੀ ਹਾਲਾਤ ਆਮ ਨਹੀਂ, ਸ਼ਹਿਰ ਬੰਦ, ਵੱਧ ਸਕਦਾ ਹੈ ਇੰਟਰਨੈੱਟ ''ਤੇ ਲੱਗੀ ਪਾਬੰਦੀ ਦਾ ਸਮਾਂ

04/16/2018 11:31:58 AM

ਫਗਵਾੜਾ (ਜਲੋਟਾ)— ਬੀਤੇ ਦਿਨੀਂ ਫਗਵਾੜਾ ਦੇ ਗੋਲ ਚੌਕ 'ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ ਨੂੰ ਲੈ ਕੇ ਹਿੰਦੂ ਸ਼ਿਵ ਸੈਨਾ ਅਤੇ ਦਲਿਤ ਸੰਗਠਨਾਂ 'ਚ ਹੋਏ ਸੰਘਰਸ਼ ਦਾ ਮਾਮਲਾ ਅਜੇ ਵੀ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋ ਧਿਰਾਂ 'ਚ ਹੋਈ ਝੜਪ ਦੇ ਚਲਦਿਆਂ ਅੱਜ ਤੀਜੇ ਦਿਨ ਵੀ ਫਗਵਾੜਾ ਬਿਲਕੁਲ ਬੰਦ ਹੈ। ਸਕੂਲ, ਕਾਲਜ ਅਤੇ ਬਾਜ਼ਾਰ 'ਚ ਤਾਲੇ ਲੱਗੇ ਨਜ਼ਰ ਆ ਰਹੇ ਹਨ। ਲੋਕਾਂ 'ਚ ਸ਼ਹਿਰ 'ਚ ਬਣੇ ਹਾਲਾਤਾਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। 


ਉਥੇ ਹੀ ਫਗਵਾੜਾ 'ਚ ਬਣੇ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਦੋਆਬੇ ਦੇ ਚਾਰ ਜ਼ਿਲੇ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਪੰਜਾਬ ਸਰਕਾਰ ਵੱਲੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਸੋਮਵਾਰ ਸ਼ਾਮ ਤੱਕ ਬੰਦ ਕੀਤੀਆਂ ਗਈਆਂ ਹਨ। ਹਾਲਾਂਕਿ ਉਥੋਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਦੀ ਪਾਬੰਦੀ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।