ਚੰਡੀਗੜ੍ਹ PGI ਨੇ ਹਾਸਲ ਕੀਤੀ ਨਵੀਂ ਕਾਮਯਾਬੀ, ਬਿਨਾ ਹਾਰਟ ਸਰਜਰੀ ਦੇ ਦਿਲ 'ਚ ਵਾਲਵ ਪਾ ਕੰਟਰੋਲ ਕੀਤੀ ਲੀਕੇਜ

04/22/2022 11:31:52 AM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਐਡਵਾਂਸ ਕਾਰਡੀਓਲਾਜੀ ਡਿਪਾਰਟਮੈਂਟ ਨੇ ਆਪਣਾ 7ਵਾਂ ਹਾਰਟ ਟਰਾਂਸਪਲਾਂਟ ਕਰਨ ਤੋਂ ਬਾਅਦ ਫਿਰ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਪੀ. ਜੀ. ਆਈ. ਕਾਰਡੀਓਲਾਜਿਸਟ ਨੇ ਇਕ ਮਰੀਜ਼ ਦੀ ਬਿਨਾਂ ਹਾਰਟ ਸਰਜਰੀ ਦੇ ਹੀ ਪਰਕਿਊਟੇਨੀਅਸ ਅਪ੍ਰੋਚ (ਤਕਨੀਕ ਦਾ ਨਾਂ) ਨਾਲ ਹਾਰਟ ਵਾਲਵ ਦੀ ਲੀਕੇਜ ਕੰਟਰੋਲ ਕਰ ਦਿੱਤੀ। ਪੀ. ਜੀ. ਆਈ. ਲਈ ਇਹ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਪੀ. ਜੀ. ਆਈ. ਨੇ ਇਸ ਤਰ੍ਹਾਂ ਦਾ ਕੇਸ ਪਹਿਲਾਂ ਨਹੀਂ ਕੀਤਾ ਸੀ। ਨਾ ਸਿਰਫ ਪੀ. ਜੀ. ਆਈ. ਸਗੋਂ ਦੁਨੀਆ ਭਰ ਵਿਚ ਇਸ ਤਕਨੀਕ ਨਾਲ ਮਰੀਜ਼ ਦਾ ਇਲਾਜ ਕਰਨ ਵਾਲੇ ਬਹੁਤ ਹੀ ਘੱਟ ਦੇਸ਼ ਹਨ, ਜਿਨ੍ਹਾਂ ਨੇ ਇਸ ਦੀ ਮਦਦ ਨਾਲ ਮਰੀਜ਼ ਦਾ ਇਲਾਜ ਕੀਤਾ ਹੈ। ਦੇਸ਼ ਵਿਚ ਆਪਣੀ ਤਰ੍ਹਾਂ ਦੇ ਸ਼ੁਰੂਆਤੀ ਕੇਸਾਂ ਵਿਚ ਪੀ. ਜੀ. ਆਈ. ਦੇ ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰਾਂ ਦੀ ਟੀਮ ਨੇ ਨਵਾਂ ਟੀ. ਆਰ. ਆਈ. ਸੀ. ਵਾਲਵ ਯੰਤਰ 80 ਸਾਲ ਦੇ ਮਰੀਜ਼ ਵਿਚ ਇੰਪਲਾਂਟ ਕੀਤਾ ਹੈ। ਉਹ ਵਾਰ-ਵਾਰ ਹਾਰਟ ਫੈਲੀਅਰ ਤੋਂ ਪੀੜਤ ਸੀ। ਪੀ. ਜੀ. ਆਈ. ਦੇ ਕਾਰਡੀਓਲਾਜੀ ਵਿਭਾਗ ਹੈੱਡ ਪ੍ਰੋ. ਯਸ਼ਪਾਲ ਸ਼ਰਮਾ ਦੀ ਅਗਵਾਈ ਵਿਚ ਐਸੋਸੀਏਟ ਪ੍ਰੋਫੈਸਰ ਡਾ. ਹਿਮਾਂਸ਼ੂ ਗੁਪਤਾ ਨੇ ਇਹ ਸਰਜਰੀ ਕੀਤੀ ਹੈ। ਡਾ. ਗੁਪਤਾ ਨੇ ਦੱਸਿਆ ਕਿ ਮਰੀਜ਼ ਓਪਨ ਹਾਰਟ ਸਰਜਰੀ ਲਈ ਸਰੀਰਕ ਤੌਰ ’ਤੇ ਮਜ਼ਬੂਤ ਨਹੀਂ ਸੀ। ਇਸ ਪ੍ਰਕਿਰਿਆ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਠੀਕ ਹੈ, ਰਿਕਵਰੀ ਚੰਗੀ ਹੋ ਰਹੀ ਹੈ। ਰੂਟੀਨ ਚੈੱਕਅਪ ਦੌਰਾਨ ਉਸ ਵਿਚ ਹੁਣ ਹਾਰਟ ਫੈਲੀਅਰ ਦੇ ਕੋਈ ਵੀ ਲੱਛਣ ਨਹੀਂ ਵੇਖੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ
ਸਰਜਰੀ ਕਾਫ਼ੀ ਮੁਸ਼ਕਿਲ ਸੀ ਪਰ ਟੀਮ ਨੇ ਬਿਹਤਰ ਕੰਮ ਕੀਤਾ
ਡਾਕਟਰਾਂ ਮੁਤਾਬਕ ਇਹ ਦਿਲ ਦੇ ਦੋ ਸੱਜੇ ਚੈਂਬਰਸ ਵਿਚਕਾਰ ਟ੍ਰਾਈਕਸਪਿਡ ਵਾਲਵ ਵਿਚ ਲੀਕੇਜ ਕਾਰਨ ਦਿਲ ਵਿਚ ਸੱਜੇ ਪਾਸੇ ਵਾਰ-ਵਾਰ ਹੋਣ ਵਾਲੀ ਹਾਰਟ ਫੈਲੀਅਰ ਦੀ ਬੀਮਾਰੀ ਬਹੁਤ ਹੀ ਘੱਟ ਲੋਕਾਂ ਵਿਚ ਹੁੰਦੀ ਹੈ। ਇਸ ਬੀਮਾਰੀ ਦੇ ਹੋਣ ਦੇ ਆਸਾਰ ਉਮਰ ਦਰਾਜ਼ ਲੋਕਾਂ ਵਿਚ ਜ਼ਿਆਦਾ ਹੁੰਦੇ ਹਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਇਸ ਦਾ ਖ਼ਤਰਾ ਵੱਧ ਹੁੰਦਾ ਹੈ, ਜਿਨ੍ਹਾਂ ਦੀ ਪਹਿਲਾਂ ਵਾਲਵ ਸਰਜਰੀ ਹੋ ਚੁੱਕੀ ਹੁੰਦੀ ਹੈ। ਮੁਸ਼ਕਿਲ ਇਹ ਹੁੰਦੀ ਹੈ ਕਿ ਅਜਿਹੇ ਮਰੀਜ਼ਾਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਤਕਨੀਕ ਬਹੁਤ ਘੱਟ ਹੈ। ਸਾਡੇ ਕੋਲ ਇਲਾਜ ਦੇ ਜ਼ਿਆਦਾ ਬਦਲ ਨਹੀਂ ਹੁੰਦੇ। ਇਸ ਲਈ ਸਾਨੂੰ ਓਪਨ ਹਾਰਟ ਸਰਜਰੀ ਹੀ ਕਰਨੀ ਪੈਂਦੀ ਹੈ ਪਰ ਮਰੀਜ਼ ਦੀ ਉਮਰ ਇਸ ਵਿਚ ਮੁਸ਼ਕਲ ਵਧਾ ਦਿੰਦੀ ਹੈ। ਮਰੀਜ਼ ਦਾ ਵਾਲਵ ਬਦਲਣਾ ਹੀ ਇਕ ਬਦਲ ਹੁੰਦਾ ਹੈ, ਜੋ ਕਾਫ਼ੀ ਹਾਈ ਰਿਸਕ ਮੰਨਿਆ ਜਾਂਦਾ ਹੈ। ਇਸ ਵਿਚ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਡਾ. ਗੁਪਤਾ ਮੁਤਾਬਕ ਸਰਜਰੀ ਕਾਫ਼ੀ ਮੁਸ਼ਕਲ ਸੀ ਪਰ ਟੀਮ ਨੇ ਬਿਹਤਰ ਕੰਮ ਕੀਤਾ ਹੈ, ਜਿਸ ਦੀ ਬਦੌਲਤ ਮਰੀਜ਼ ਦੀ ਜਾਨ ਬਚ ਸਕੀ ਹੈ।

ਇਹ ਵੀ ਪੜ੍ਹੋ : 'ਰਾਜਾ ਵੜਿੰਗ' ਨੇ ਸਾਂਭਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ, ਬੋਲੇ-'ਪਾਰਟੀ ਲਈ ਆਖ਼ਰੀ ਦਮ ਤੱਕ ਲੜਾਂਗੇ'
ਮਰੀਜ਼ ਤੰਦਰੁਸਤ ਹੋਵੇ ਤਾਂ ਖ਼ਤਰਾ ਘੱਟ ਹੁੰਦੈ
ਇਸ ਪ੍ਰਕਿਰਿਆ ਵਿਚ ਦਿਲ ਦੇ ਵਿਨੋਸ ਇਨਫਲੋ ਸਿਸਟਮ ਵਿਚ ਦੋ ਵਾਲਵ ਨੂੰ ਇੰਪਲਾਂਟ ਕੀਤਾ ਜਾਂਦਾ ਹੈ। ਇਸ ਨਾਲ ਵਾਲਵ ਦੀ ਲੀਕੇਜ ਘੱਟ ਹੋ ਜਾਂਦੀ ਹੈ। ਦਿਲ ਬਿਹਤਰ ਤਰੀਕੇ ਨਾਲ ਕੰਮ ਕਰਨ ਲੱਗਦਾ ਹੈ। ਵਾਲਵ ਇੰਪਲਾਂਟੇਸ਼ਨ ਪਰਕਿਊਟੇਨੀਅਸ ਅਪ੍ਰੋਚ (ਚਮੜੀ ਦੇ ਜ਼ਰੀਏ) ਤਹਿਤ ਵੀ ਕੀਤਾ ਜਾ ਸਕਦਾ ਹੈ। ਇਸ ਵਿਚ ਓਪਨ ਹਾਰਟ ਪ੍ਰਕਿਰਿਆ ਦੀ ਲੋੜ ਨਹੀਂ ਪੈਂਦੀ। ਇਸ ਥੈਰੇਪੀ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ। ਹਾਲ ਹੀ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਟ੍ਰਾਇਕਸਪਿਡ ਰਿਗਰਜੀਟੇਸ਼ਨ ਕਾਰਨ ਵਾਰ-ਵਾਰ ਸੱਜੇ ਪਾਸੇ ਦੇ ਦਿਲ ਫੇਲ੍ਹ ਹੋਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਸਰਜਰੀ ਵਿਚ ਖ਼ਤਰਾ ਘੱਟ ਹੁੰਦਾ ਹੈ ਪਰ ਇਸ ਨੂੰ ਉਦੋਂ ਕੀਤਾ ਜਾਣਾ ਚਾਹੀਦਾ ਹੈ, ਜਦੋਂ ਮਰੀਜ਼ ਤੰਦਰੁਸਤ ਹੋਵੇ ਅਤੇ ਮਰੀਜ਼ ਇਸ ਦੀ ਪ੍ਰਕਿਰਿਆ ਝੱਲ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita