ਨਿਯਮਾਂ ਦੀ ਅਣਦੇਖੀ ਕਰਨ ਵਾਲੇ ਪੰਪ ਮਾਲਕਾਂ ਖਿਲਾਫ ਜਾਂਚ ਦੇ ਹੁਕਮ

03/14/2018 6:12:08 AM

ਲੁਧਿਆਣਾ(ਖੁਰਾਣਾ)-ਮਹਾਨਗਰ ਦੇ ਦੋ ਵੱਖ-ਵੱਖ ਪੈਟਰੋਲ ਪੰਪ ਮੁਲਾਜ਼ਮਾਂ ਵੱਲੋਂ ਗਾਹਕਾਂ ਦੇ ਅਧਿਕਾਰਾਂ ਦੀ ਕੀਤੀ ਜਾ ਰਹੀ ਅਣਦੇਖੀ ਸਬੰਧੀ 'ਜਗ ਬਾਣੀ' ਵੱਲੋਂ 13 ਮਾਰਚ ਨੂੰ ਪ੍ਰਕਾਸ਼ਿਤ ਅੰਕ 'ਚ ਪ੍ਰਮੁੱਖਤਾ ਨਾਲ ਛਪੀ ਖ਼ਬਰ 'ਐੱਮ. ਡੀ. ਜੀ. ਨਿਯਮਾਂ ਦਾ ਮਜ਼ਾਕ ਉਡਾ ਰਹੇ ਪੰਪ ਕਰਮਚਾਰੀ' ਤੋਂ ਤੁਰੰਤ ਬਾਅਦ ਦੋਵੇਂ ਪੈਟਰੋਲੀਅਮ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ ਪੈਟਰੋਲ ਪੰਪਾਂ ਦੇ ਮਾਲਕਾਂ ਖਿਲਾਫ ਵਿਭਾਗੀ ਜਾਂਚ-ਪੜਤਾਲ ਤੇ 'ਸ਼ੋਅਕਾਜ਼ ਨੋਟਿਸ' ਜਾਰੀ ਕਰਨ ਅਤੇ ਐੱਮ. ਡੀ. ਜੀ. (ਮਾਰਕੀਟਿੰਗ ਡਿਸਿਪਲਨ ਗਾਈਡਲਾਈਨਜ਼) ਸੇਵਾਵਾਂ ਵਿਚ ਕਮੀ ਪਾਏ ਜਾਣ 'ਤੇ ਪੰਪ ਮਾਲਕਾਂ ਖਿਲਾਫ ਜੁਰਮਾਨਾ ਠੋਕਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਰਣਨਯੋਗ ਹੈ ਕਿ ਬੀਤੇ ਕੱਲ 'ਜਗ ਬਾਣੀ' ਵੱਲੋਂ ਗਾਹਕਾਂ ਦੇ ਅਧਿਕਾਰਾਂ ਸਬੰਧੀ ਮੁੱਦਾ ਉਠਾਇਆ ਗਿਆ ਸੀ ਕਿ ਕਿਵੇਂ ਸ਼ਹਿਰ ਦੇ ਜ਼ਿਆਦਾਤਰ ਪੈਟਰੋਲ ਪੰਪ ਮੁਲਾਜ਼ਮ ਕੰਪਨੀ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਨੂੰ ਛਿੱਕੇ ਟੰਗ ਕੇ ਸ਼ਰੇਆਮ ਗਾਹਕਾਂ ਦੇ ਹੱਕਾਂ ਦਾ ਘਾਣ ਕਰਨ ਵਿਚ ਲੱਗੇ ਹੋਏ ਹਨ। 
ਪੈਟਰੋਲ ਪੰਪ ਦੀ ਮਾੜੀ ਹਾਲਤ ਸੁਧਾਰਨ ਦੀ ਕਵਾਇਦ ਹੋਈ ਤੇਜ਼
ਅੱਜ ਸਵੇਰ ਦਾਣਾ ਮੰਡੀ ਕੋਲ ਪੈਂਦੇ ਇੰਡੀਅਨ ਆਇਲ ਕੰਪਨੀ ਨਾਲ ਸਬੰਧਤ ਪੈਟਰੋਲ ਪੰਪ ਅਤੇ ਸ਼ਿਵਪੁਰੀ ਚੌਕ ਨੇੜੇ ਪੈਂਦੇ ਹਿੰਦੋਸਤਾਨ ਕੰਪਨੀ ਦੇ ਪੰਪ 'ਤੇ ਕਰਮਚਾਰੀਆਂ ਵੱਲੋਂ ਗਾਹਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸੇਵਾਵਾਂ ਦੇਣ ਲਈ ਪੈਟਰੋਲ ਪੰਪਾਂ ਦੀ ਦੁਰਦਸ਼ਾ ਸੁਧਾਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਇਸ ਵਿਚ ਮੁਲਾਜ਼ਮਾਂ ਵੱਲੋਂ ਹਵਾ ਭਰਨ ਵਾਲੀ ਖਰਾਬ ਪਈ ਮਸ਼ੀਨ ਨੂੰ ਮੁੜ ਚਾਲੂ ਕਰਵਾਉਣ ਦੀ ਗੱਲ ਕਹੀ। ਗਾਹਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਹਵਾ ਭਰਨ ਵਾਲੀ ਮਸ਼ੀਨ ਅੱਗੇ ਰੱਖੇ ਬੈਰੀਕੇਡ ਹਟਾ ਦਿੱਤੇ ਹਨ।
ਕੀ ਕਹਿੰਦੇ ਹਨ ਕੰਪਨੀਆਂ ਦੇ ਉੱਚ ਅਧਿਕਾਰੀ?
ਉਕਤ ਮੁੱਦੇ ਨੂੰ ਲੈ ਕੇ ਇੰਡੀਅਨ ਆਇਲ ਕੰਪਨੀ ਦੇ ਉੱਚ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਯਮਾਂ ਨਾਲ ਖੇਡਣ ਦੀ ਇਜਾਜ਼ਤ ਕਿਸੇ ਵੀ ਡੀਲਰ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਥਾਨਕ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਲਾ ਕੇ ਕੇਸ ਦੀ ਕ੍ਰਾਸ ਚੈਕਿੰਗ ਕਰਵਾਉਣਗੇ ਅਤੇ ਨਿਯਮਾਂ ਨਾਲ ਖੇਡਣ ਵਾਲੇ ਪੰਪ ਮਾਲਕ ਨੂੰ ਗਾਈਡਲਾਈਨਜ਼ ਮੁਤਾਬਕ ਬਣਦਾ ਜੁਰਮਾਨਾ ਲਾਉਣਗੇ। ਨਾਲ ਹੀ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਮੇਰੇ ਧਿਆਨ 'ਚ ਆਉਂਦੇ ਹੀ ਮੈਂ ਸਬੰਧਤ ਡੀਲਰ ਖਿਲਾਫ 'ਸ਼ੋਅਕਾਜ ਨੋਟਿਸ' ਜਾਰੀ ਕਰਨ ਅਤੇ ਵਿਭਾਗੀ ਕਾਰਵਾਈ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।